Prime Minister's Office
ਪ੍ਰਧਾਨ ਮੰਤਰੀ ਸੁਤੰਤਰਤਾ ਦਿਵਸ ਭਾਸ਼ਣ-2018 – ਪ੍ਰਮੁੱਖ ਗੱਲਾਂ
Posted On :15, August 2018 15:09 IST
- ਅੱਜ ਦੇਸ਼ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਸੁਪਨਿਆਂ ਨੂੰ ਸੰਕਲਪ ਦੇ ਨਾਲ ਬੇਹੱਦ ਮਿਹਨਤ ਕਰਕੇ ਦੇਸ਼ ਨਵੀਆਂ ਉਚਾਈਆਂ ਨੂੰ ਪਾਰ ਕਰ ਰਿਹਾ ਹੈ।
- ਅਜ਼ਾਦੀ ਦਾ ਇਹ ਉਤਸਵ ਅਸੀਂ ਉਦੋਂ ਮਨਾ ਰਹੇ ਹਾਂ, ਜਦੋਂ ਉੱਤਰਾਖੰਡ, ਹਿਮਾਚਲ, ਮਣੀਪੁਰ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਰਗੇ ਰਾਜਾਂ ਦੀਆਂ ਸਾਡੀਆਂ ਬੇਟੀਆਂ ਨੇ ਸੱਤ ਸਮੁੰਦਰ ਪਾਰ ਕੀਤੇ ਅਤੇ ਸੱਤ ਸਮੁੰਦਰਾਂ ਨੂੰ ਤਿਰੰਗੇ ਦੇ ਰੰਗ ਨਾਲ ਰੰਗ ਕੇ ਸਾਡੇ ਦਰਮਿਆਨ ਵਾਪਸ ਆ ਗਈਆਂ।
- ਦੂਰ-ਦੁਰਾਡੇ ਜੰਗਲਾਂ ਵਿੱਚ ਜਿਊਣ ਵਾਲੇ ਨੰਨ੍ਹੇ-ਮੁੰਨ੍ਹੇ ਆਦਿਵਾਸੀ ਬੱਚਿਆਂ ਨੇ ਇਸ ਵਾਰ ਐਵਰੈਸਟ 'ਤੇ ਤਿਰੰਗਾ ਝੰਡਾ ਲਹਿਰਾ ਕੇ ਤਿਰੰਗੇ ਝੰਡੇ ਦੀ ਸ਼ਾਨ ਹੋਰ ਵਧਾ ਦਿੱਤੀ ਹੈ।
- ਦਲਿਤ, ਪੀੜਤ, ਸ਼ੋਸ਼ਿਤ, ਵੰਚਿਤ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਸਾਡੀ ਸੰਸਦ ਨੇ ਸੰਵੇਦਨਸ਼ੀਲਤਾ ਅਤੇ ਸਜੱਗਤਾ ਨਾਲ ਸਮਾਜਿਕ ਨਿਆਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਇਆ ਹੈ।
- ਓਬੀਸੀ ਕਮਿਸ਼ਨ ਨੂੰ ਸਾਲਾਂ ਤੋਂ ਸੰਵਿਧਾਨਕ ਦਰਜਾ ਦੇਣ ਦੀ ਮੰਗ ਉੱਠ ਰਹੀ ਸੀ। ਇਸ ਵਾਰ ਸੰਸਦ ਨੇ ਇਸ ਨੂੰ ਸੰਵਿਧਾਨਕ ਦਰਜਾ ਦੇ ਕੇ ਪਛੜਿਆਂ ਅਤੇ ਅਤਿ ਪਛੜਿਆਂ ਦੇ ਹੱਕਾਂ ਦੀ ਰਾਖੀ ਕਰਨ ਦਾ ਪ੍ਰਯਤਨ ਕੀਤਾ ਹੈ।
- ਦੇਸ਼ ਵਿੱਚ ਬਹੁਤ ਜ਼ਿਆਦਾ ਮੀਂਹ ਅਤੇ ਹੜ੍ਹਾਂ ਕਾਰਨ ਜਿਨ੍ਹਾਂ ਪਰਿਵਾਰਾਂ ਨੂੰ ਆਪਣੇ ਮੈਂਬਰ ਗਵਾਉਣੇ ਪਏ ਹਨ, ਜਿਨ੍ਹਾਂ ਨੂੰ ਮੁਸੀਬਤਾਂ ਝੱਲਣੀਆਂ ਪਈਆਂ ਹਨ, ਉਨ੍ਹਾਂ ਸਾਰਿਆਂ ਪ੍ਰਤੀ ਦੇਸ਼ ਪੂਰੀ ਸ਼ਕਤੀ ਨਾਲ ਉਨ੍ਹਾਂ ਦੀ ਮਦਦ ਲਈ ਖੜ੍ਹਾ ਹੈ।
- ਅਗਲੀ ਵਿਸਾਖੀ ਨੂੰ ਜੱਲ੍ਹਿਆਂਵਾਲੇ ਬਾਗ ਦੇ ਸਾਕੇ ਨੂੰ ਸੌ ਸਾਲ ਪੂਰੇ ਹੋ ਰਹੇ ਹਨ। ਜਲਿਆਂਵਾਲਾ ਬਾਗ ਕਾਂਡ, ਸਾਡੇ ਦੇਸ਼ ਦੇ ਵੀਰਾਂ ਦੇ ਤਿਆਗ ਅਤੇ ਬਲੀਦਾਨ ਦੀ ਪ੍ਰੇਰਣਾ ਦਾ ਸੰਦੇਸ਼ ਦਿੰਦਾ ਹੈ। ਮੈਂ ਉਨ੍ਹਾਂ ਸਾਰੇ ਵੀਰਾਂ ਨੂੰ ਦਿਲੋਂ ਸਨਮਾਨ ਪੂਰਵਕ ਨਮਨ ਕਰਦਾ ਹਾਂ।
- ਭਾਰਤ ਨੇ ਵਿਸ਼ਵ ਦੀ ਛੇਵੀਂ ਵੱਡੀ ਅਰਥਵਿਵਸਥਾ ਦੇ ਰੂਪ ਵਿੱਚ ਆਪਣਾ ਨਾਂ ਦਰਜ ਕਰਵਾ ਦਿੱਤਾ ਹੈ।
- ਤਿਰੰਗੇ ਝੰਡੇ ਦੀ ਆਣ-ਬਾਣ-ਸ਼ਾਨ ਸਾਨੂੰ ਜਿਊਣ-ਜੂਝਣ ਦੀ, ਮਰਨ-ਮਿਟਣ ਦੀ ਪ੍ਰੇਰਣਾ ਦਿੰਦੀ ਹੈ, ਉਸ ਤਿਰੰਗੇ ਦੀ ਸ਼ਾਨ ਲਈ ਦੇਸ਼ ਦੀ ਸੈਨਾ ਦੇ ਜਵਾਨ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇ ਦਿੰਦੇ ਹਨ।
- ਸੈਨਾ ਦੇ ਸਾਰੇ ਜਵਾਨਾਂ, ਅਰਧ ਸੈਨਿਕ ਬਲਾਂ ਅਤੇ ਪੁਲਿਸ ਦੇ ਜਵਾਨਾਂ ਨੂੰ, ਉਨ੍ਹਾਂ ਦੀ ਮਹਾਨ ਸੇਵਾ ਅਤੇ ਤਿਆਗ-ਤਪੱਸਿਆ ਲਈ, ਉਨ੍ਹਾਂ ਦੇ ਸਾਹਸ ਅਤੇ ਪੁਰਸ਼ਾਰਥ ਲਈ ਕਰੋੜਾਂ-ਵਾਰ ਨਮਨ।
- ਅਜ਼ਾਦੀ ਦੇ ਬਾਅਦ ਪੂਜਨੀਕ ਬਾਬਾ ਸਾਹਿਬ ਅੰਬੇਡਕਰ ਜੀ ਦੀ ਅਗਵਾਈ ਵਿੱਚ ਭਾਰਤ ਨੇ ਇੱਕ ਸਮਾਵੇਸ਼ੀ ਸੰਵਿਧਾਨ ਦਾ ਨਿਰਮਾਣ ਕੀਤਾ। ਇਹ ਨਵੇਂ ਭਾਰਤ ਦੇ ਨਿਰਮਾਣ ਦਾ ਸੰਕਲਪ ਲੈ ਕੇ ਆਇਆ ਹੈ।
- ਇੱਕ ਆਤਮ ਨਿਰਭਰ ਹਿੰਦੋਸਤਾਨ ਹੋਵੇ, ਇੱਕ ਸਮਰੱਥਾਵਾਨ ਹਿੰਦੋਸਤਾਨ ਹੋਵੇ, ਇੱਕ ਵਿਕਾਸ ਦੀ ਨਿਰੰਤਰ ਗਤੀ ਨੂੰ ਬਣਾਏ ਰੱਖਣ ਵਾਲਾ, ਲਗਾਤਾਰ ਨਵੀਆਂ ਉਚਾਈਆਂ ਨੂੰ ਪਾਰ ਕਰਨ ਵਾਲਾ ਹਿੰਦੋਸਤਾਨ ਹੋਵੇ, ਦੁਨੀਆ ਵਿੱਚ ਹਿੰਦੋਸਤਾਨ ਦੀ ਸਾਖ ਹੋਵੇ ਅਤੇ ਇੰਨਾ ਹੀ ਨਹੀਂ, ਅਸੀਂ ਚਾਹੁੰਦੇ ਹਾਂ ਕਿ ਦੁਨੀਆ ਵਿੱਚ ਹਿੰਦੋਸਤਾਨ ਦੀ ਧਮਕ ਵੀ ਹੋਵੇ। ਅਸੀਂ ਉਸ ਤਰ੍ਹਾਂ ਦਾ ਹਿੰਦੋਸਤਾਨ ਬਣਾਉਣਾ ਚਾਹੁੰਦੇ ਹਾਂ।
- ਜਦੋਂ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਹਿੱਸੇਦਾਰੀ ਹੁੰਦੀ ਹੈ, ਜਨ-ਜਨ ਦੇਸ਼ ਨੂੰ ਅੱਗੇ ਵਧਾਉਣ ਲਈ ਸਾਡੇ ਨਾਲ ਜੁੜਦਾ ਹੈ। ਸਵਾ ਸੌ ਕਰੋੜ ਸੁਪਨੇ, ਸਵਾ ਸੌ ਕਰੋੜ ਸੰਕਲਪ, ਸਵਾ ਸੌ ਕਰੋੜ ਪੁਰਸ਼ਾਰਥ, ਜਦੋਂ ਨਿਰਧਾਰਤ ਟੀਚੇ ਦੀ ਪ੍ਰਾਪਤੀ ਲਈ ਸਹੀ ਦਿਸ਼ਾ ਵਿੱਚ ਚੱਲ ਪੈਂਦੇ ਹਨ ਤਾਂ ਕੀ ਕੁਝ ਨਹੀਂ ਹੋ ਸਕਦਾ?
- 2014 ਵਿੱਚ ਇਸ ਦੇਸ਼ ਦੇ ਸਵਾ ਸੌ ਕਰੋੜ ਨਾਗਰਿਕ ਸਿਰਫ਼ ਸਰਕਾਰ ਬਣਾ ਕੇ ਰੁਕੇ ਨਹੀਂ ਸਨ। ਉਹ ਦੇਸ਼ ਬਣਾਉਣ ਲਈ ਜੁਟੇ ਸਨ,ਜੁਟੇ ਹਨ ਅਤੇ ਜੁਟੇ ਰਹਿਣਗੇ। ਮੈਂ ਸਮਝਦਾ ਹਾਂ ਕਿ ਇਹੀ ਸਾਡੇ ਦੇਸ਼ ਦੀ ਤਾਕਤ ਹੈ।
- ਪਿਛਲੇ 4 ਸਾਲ ਵਿੱਚ ਜੋ ਕੰਮ ਹੋਏ ਹਨ, ਉਨ੍ਹਾਂ ਕੰਮਾਂ ਦਾ ਜੇਕਰ ਲੇਖਾ-ਜੋਖਾ ਲਈਏ, ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਦੇਸ਼ ਦੀ ਰਫ਼ਤਾਰ ਕੀ ਹੈ, ਗਤੀ ਕੀ ਹੈ, ਪ੍ਰਗਤੀ ਕਿਵੇਂ ਅੱਗੇ ਵਧ ਰਹੀ ਹੈ।
- ਪਖਾਨੇ ਹੀ ਲੈ ਲਓ, ਜੇਕਰ ਪਖਾਨੇ ਬਣਾਉਣ ਵਿੱਚ ਸਾਲ 2013 ਦੀ ਜੋ ਰਫ਼ਤਾਰ ਸੀ, ਉਸੀ ਰਫ਼ਤਾਰ ਨਾਲ ਚੱਲਦੇ ਤਾਂ ਸ਼ਾਇਦ ਕਿੰਨੇ ਦਹਾਕੇ ਬੀਤ ਜਾਂਦੇ 100% ਪਖਾਨਿਆਂ ਦਾ ਨਿਰਮਾਣ ਪੂਰਾ ਕਰਨ ਵਿੱਚ।
- ਸਾਲ 2013 ਦੀ ਰਫ਼ਤਾਰ ਦੇ ਅਧਾਰ 'ਤੇ ਪਿੰਡ ਵਿੱਚ ਬਿਜਲੀ ਪਹੁੰਚਾਉਣ ਲਈ ਸ਼ਾਇਦ ਇੱਕ-ਦੋ ਦਹਾਕੇ ਹੋਰ ਲੱਗ ਜਾਂਦੇ।
- ਗ਼ਰੀਬਾਂ ਨੂੰ ਐੱਲਪੀਜੀ ਗੈਸ ਕਨੈਕਸ਼ਨ, ਗ਼ਰੀਬ ਮਾਂ ਨੂੰ ਧੂੰਆਂ ਮੁਕਤ ਰਹਿਤ ਚੁੱਲ੍ਹਾ, ਜੇਕਰ 2013 ਦੀ ਰਫ਼ਤਾਰ ਨਾਲ ਚੱਲੇ ਹੁੰਦੇ ਤਾਂ ਉਸ ਕੰਮ ਨੂੰ ਪੂਰਾ ਕਰਨ ਵਿੱਚ ਸ਼ਾਇਦ 100 ਸਾਲ ਵੀ ਘੱਟ ਪੈ ਜਾਂਦੇ।
- ਸਾਲ 2013 ਦੀ ਰਫ਼ਤਾਰ ਨਾਲ ਜੇਕਰ ਆਪਟੀਕਲ ਫਾਇਬਰ ਨੈੱਟਵਰਕ ਲਗਾਉਣ ਦਾ ਕੰਮ ਕਰਦੇ ਤਾਂ ਸ਼ਾਇਦ ਪੀੜ੍ਹੀਆਂ ਲੰਘ ਜਾਂਦੀਆਂ। ਇਹ ਰਫ਼ਤਾਰ, ਇਹ ਗਤੀ, ਇਹ ਪ੍ਰਗਤੀ, ਇਹ ਟੀਚਾ ਇਸ ਪ੍ਰਾਪਤੀ ਲਈ ਅਸੀਂ ਅੱਗੇ ਵਧਾਂਗੇ।
- ਚਾਰ ਸਾਲ ਵਿੱਚ ਦੇਸ਼ ਤਬਦੀਲੀ ਮਹਿਸੂਸ ਕਰ ਰਿਹਾ ਹੈ। ਦੇਸ਼ ਇੱਕ ਨਵੀਂ ਚੇਤਨਾ, ਨਵੀਂ ਉਮੰਗ, ਨਵੇਂ ਸੰਕਲਪ, ਨਵੀਂ ਸਿੱਧੀ ਅਤੇ ਨਵੇਂ ਪੁਰਸ਼ਾਰਥ ਨਾਲ ਅੱਗੇ ਵਧ ਰਿਹਾ ਹੈ। ਅੱਜ ਦੇਸ਼ ਦੁੱਗਣੇ Highway ਬਣਾ ਰਿਹਾ ਹੈ, ਚਾਰ ਗੁਣਾ ਪਿੰਡਾਂ ਵਿੱਚ ਨਵੇਂ ਆਵਾਸ ਬਣਾ ਰਿਹਾ ਹੈ।
- ਦੇਸ਼ ਅੱਜ Record ਅਨਾਜ ਦਾ ਉਤਪਾਦਨ ਕਰ ਰਿਹਾ ਹੈ, ਤਾਂ ਦੇਸ਼ ਅੱਜ Record Mobile phone ਦਾ ਉਤਪਾਦਨ ਵੀ ਕਰ ਰਿਹਾ ਹੈ। ਦੇਸ਼ ਵਿੱਚ ਅੱਜ Record ਟਰੈਕਟਰਾਂ ਦੀ ਵਿੱਕਰੀ ਹੋ ਰਹੀ ਹੈ।
- ਦੇਸ਼ ਵਿੱਚ ਅੱਜ ਅਜ਼ਾਦੀ ਦੇ ਬਾਅਦ ਸਭ ਤੋਂ ਜ਼ਿਆਦਾ ਹਵਾਈ ਜਹਾਜ਼ ਖਰੀਦਣ ਦਾ ਕੰਮ ਹੋ ਰਿਹਾ ਹੈ।
- ਦੇਸ਼ ਅੱਜ ਨਵੇਂ IIM, ਨਵੇਂ IIT, ਨਵੇਂ AIIMS ਦੀ ਸਥਾਪਨਾ ਕਰ ਰਿਹਾ ਹੈ। ਦੇਸ਼ ਅੱਜ ਛੋਟੇ-ਛੋਟੇ ਸਥਾਨਾਂ 'ਤੇ ਨਵੇਂ Skill Development ਦੇ Mission ਨੂੰ ਅੱਗੇ ਵਧਾ ਕੇ ਨਵੇਂ-ਨਵੇਂ Centre ਖੋਲ੍ਹ ਰਿਹਾ ਹੈ।
- ਸਾਡੇ tier 2,tier 3 cities ਵਿੱਚ Startups ਦਾ ਹੜ੍ਹ ਆਇਆ ਹੋਇਆ ਹੈ।
- ਦਿੱਵਯਾਂਗ ਲੋਕਾਂ ਲਈ Common Signs ਦੀ Dictionary ਬਣਾਉਣ ਦਾ ਕੰਮ ਵੀ ਸਾਡਾ ਦੇਸ਼ ਕਰ ਰਿਹਾ ਹੈ।
- ਸਾਡੇ ਦੇਸ਼ ਦਾ ਕਿਸਾਨ ਇਨ੍ਹਾਂ ਦਿਨਾਂ ਵਿੱਚ ਆਧੁਨਿਕਤਾ, ਵਿਗਿਆਨਕਤਾ ਦੇ ਵੱਲ ਜਾਣ ਲਈ micro irrigation, drip irrigation ਅਤੇ Sprinkle 'ਤੇ ਕੰਮ ਕਰ ਰਿਹਾ ਹੈ।
- ਸੰਕਟ ਨਾਲ ਘਿਰੇ ਮਨੁੱਖ ਦੀ ਸੁਰੱਖਿਆ ਲਈ ਸਾਡੀ ਸੈਨਾ ਕਰੁਣਾ, ਮਾਇਆ ਅਤੇ ਮਮਤਾ ਨਾਲ ਪਹੁੰਚ ਜਾਂਦੀ ਹੈ, ਪਰ ਉਹੀ ਸੈਨਾ ਜਦੋਂ ਸੰਕਲਪ ਲੈ ਕੇ ਚੱਲ ਪੈਂਦੀ ਹੈ ਤਾਂ surgical strike ਕਰਕੇ ਦੁਸ਼ਮਣਾਂ ਦੇ ਦੰਦ ਖੱਟੇ ਕਰਕੇ ਆ ਜਾਂਦੀ ਹੈ।
- ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਵੱਡੇ ਟੀਚੇ ਲੈ ਕੇ ਸੰਕਲਪ ਨਾਲ ਅੱਗੇ ਵਧਣ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰੀਏ ਅਤੇ ਜਦੋਂ ਟੀਚੇ ਢਿੱਲੇ ਹੁੰਦੇ ਹਨ, ਹੌਸਲੇ ਬੁਲੰਦ ਨਹੀਂ ਹੁੰਦੇ ਹਨ, ਤਾਂ ਸਮਾਜ ਅਤੇ ਜੀਵਨ ਦੇ ਜ਼ਰੂਰੀ ਫੈਸਲੇ ਵੀ ਸਾਲਾਂ ਤੱਕ ਅਟਕੇ ਪਏ ਰਹਿੰਦੇ ਹਨ।
- ਹਿੰਮਤ ਨਾਲ ਫ਼ੈਸਲਾ ਕੀਤਾ ਗਿਆ ਕਿ ਦੇਸ਼ ਦੇ ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਏਗਾ।
- ਦੇਸ਼ ਦੇ ਛੋਟੇ-ਛੋਟੇ ਵਪਾਰੀਆਂ ਦੀ ਮਦਦ ਨਾਲ, ਉਨ੍ਹਾਂ ਦੇ ਖੁੱਲ੍ਹਾਪਣ ਨਾਲ, ਨਵੇਂ-ਪਣ ਨੂੰ ਸਵੀਕਾਰਨ ਦੇ ਉਨ੍ਹਾਂ ਦੇ ਸੁਭਾਅ ਕਾਰਨ ਅੱਜ ਦੇਸ਼ ਨੇ ਜੀਐੱਸਟੀ ਲਾਗੂ ਕਰ ਦਿੱਤਾ। ਵਪਾਰੀਆਂ ਵਿੱਚ ਇੱਕ ਨਵਾਂ ਵਿਸ਼ਵਾਸ ਪੈਦਾ ਹੋਇਆ।
- ਬੁਲੰਦ ਹੌਂਸਲੇ ਅਤੇ ਦੇਸ਼ ਲਈ ਕੁਝ ਕਰਨ ਦੇ ਇਰਾਦੇ ਕਾਰਨ ਬੇਨਾਮੀ ਸੰਪਤੀ ਦਾ ਕਾਨੂੰਨ ਲਾਗੂ ਕੀਤਾ ਗਿਆ ਹੈ।
- ਦੁਨੀਆ ਇੱਕ ਸਮੇਂ ਕਹਿੰਦੀ ਸੀ ਕਿ ਹਿੰਦੋਸਤਾਨ ਦੀ economy, risk ਭਰੀ ਹੈ। ਅੱਜ ਉਹੀ ਲੋਕ, ਉਹੀ ਸੰਸਥਾਵਾਂ, ਉਹੀ ਲੋਕ ਵੱਡੇ ਵਿਸ਼ਵਾਸ ਨਾਲ ਕਹਿ ਰਹੇ ਹਨ ਕਿ reform momentum, fundamental ਨੂੰ ਮਜ਼ਬੂਤੀ ਦੇ ਰਿਹਾ ਹੈ।
- ਪਹਿਲਾਂ ਦੁਨੀਆ red tape ਦੀ ਗੱਲ ਕਰਦੀ ਸੀ, ਪਰ ਅੱਜ red carpet ਦੀ ਗੱਲ ਹੋ ਰਹੀ ਹੈ। ease of doing business ਵਿੱਚ ਅਸੀਂ ਸੌ ਤੱਕ ਪਹੁੰਚ ਗਏ ਹਾਂ।
- ਪਹਿਲਾਂ ਭਾਰਤ ਦੀ ਪਛਾਣ policy paralysis, ਯਾਨੀ delayed reform ਦੀ ਸੀ, ਪਰ ਅੱਜ ਦੁਨੀਆ ਵਿੱਚ ਇੱਕ ਹੀ ਗੱਲ ਹੋ ਰਹੀ ਹੈ ਕਿ ਭਾਰਤ ਯਾਨੀ reform, perform ਅਤੇ transform।
- ਪਹਿਲਾਂ Fragile five ਵਿੱਚ ਸਾਡੀ ਗਿਣਤੀ ਹੋ ਰਹੀ ਸੀ, ਪਰ ਅੱਜ ਦੁਨੀਆ ਕਹਿ ਰਹੀ ਹੈ ਕਿ ਭਾਰਤ multi trillion dollar ਦੇ investment ਦਾ destination ਬਣ ਗਿਆ ਹੈ।
- ਭਾਰਤ ਲਈ ਕਿਹਾ ਜਾ ਰਿਹਾ ਹੈ ਕਿ ਸੁੱਤਾ ਪਿਆ ਹਾਥੀ ਹੁਣ ਜਾਗ ਚੁੱਕਾ ਹੈ, ਚੱਲ ਪਿਆ ਹੈ, ਸੁੱਤੇ ਹੋਏ ਹਾਥੀ ਨੇ ਆਪਣੀ ਦੌੜ ਸ਼ੁਰੂ ਕਰ ਦਿੱਤੀ ਹੈ। ਦੁਨੀਆ ਦੇ ਅਰਥ ਸ਼ਾਸਤਰੀ ਕਹਿ ਰਹੇ ਹਨ, international institutions ਕਹਿ ਰਹੇ ਹਨ, ਆਉਣ ਵਾਲੇ ਤਿੰਨ ਦਹਾਕਿਆਂ ਤੱਕ ਵਿਸ਼ਵ ਦੀ ਅਰਥਵਿਵਸਥਾ ਦੀ ਤਾਕਤ ਨੂੰ ਭਾਰਤ ਗਤੀ ਦੇਣ ਵਾਲਾ ਹੈ।
- ਅੱਜ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਸਾਖ ਵਧੀ ਹੈ, ਦੁਨੀਆ ਦੇ ਮੰਚਾਂ 'ਤੇ ਅਸੀਂ ਆਪਣੀ ਅਵਾਜ਼ ਨੂੰ ਬੁਲੰਦ ਕੀਤਾ ਹੈ।
- ਵਿਸ਼ਵ ਦੀਆਂ ਜਿਨ੍ਹਾਂ ਸੰਸਥਾਵਾਂ ਵਿੱਚ ਭਾਰਤ ਨੂੰ ਮੈਂਬਰਸ਼ਿਪ ਦਾ ਇੰਤਜ਼ਾਰ ਸੀ, ਅੱਜ ਅਜਿਹੀਆਂ ਅਣਗਿਣਤ ਸੰਸਥਾਵਾਂ ਵਿੱਚ ਸਾਨੂੰ ਸਥਾਨ ਮਿਲਿਆ ਹੈ। ਵਾਤਾਵਰਣ ਦੀਆਂ ਚਿੰਤਾਵਾਂ ਲਈ, global warming ਲਈ ਪਰੇਸ਼ਾਨੀ ਦੀ ਚਰਚਾ ਕਰਨ ਵਾਲੇ ਲੋਕਾਂ ਲਈ ਅੱਜ ਭਾਰਤ ਇੱਕ ਆਸ਼ਾ ਦੀ ਕਿਰਨ ਬਣ ਗਿਆ ਹੈ। ਭਾਰਤ International solar alliance ਦੀ ਪੂਰੇ ਵਿਸ਼ਵ ਵਿੱਚ ਅਗਵਾਈ ਕਰ ਰਿਹਾ ਹੈ।
- ਅੱਜ ਖੇਡ ਦੇ ਮੈਦਾਨ ਵਿੱਚ North-East ਦੀ ਦਮਕ ਨਜ਼ਰ ਆ ਰਹੀ ਹੈ।
- North-East ਦੇ ਆਖ਼ਰੀ ਪਿੰਡ ਵਿੱਚ ਬਿਜਲੀ ਪਹੁੰਚ ਗਈ ਹੈ।
- North-East ਤੋਂ highways, railways, airways, waterways ਅਤੇ information ways (i-way) ਦੇ ਵਿਕਾਸ ਦੀਆਂ ਖ਼ਬਰਾਂ ਆ ਰਹੀਆਂ ਹਨ।
- ਸਾਡੇ North-East ਦੇ ਨੌਜਵਾਨ ਉੱਥੇ BPO ਖੋਲ੍ਹ ਰਹੇ ਹਨ।
- ਅੱਜ ਸਾਡਾ North-East, organic farming ਦਾ hub ਬਣ ਰਿਹਾ ਹੈ। ਉਹੀ North-East, sports university ਦੀ ਮੇਜ਼ਬਾਨੀ ਕਰ ਰਿਹਾ ਹੈ।
- ਇੱਕ ਸਮਾਂ ਸੀ ਜਦੋਂ North-East ਨੂੰ ਲੱਗਦਾ ਸੀ ਕਿ ਦਿੱਲੀ ਬਹੁਤ ਦੂਰ ਹੈ। ਅਸੀਂ ਚਾਰ ਸਾਲ ਦੇ ਅੰਦਰ-ਅੰਦਰ ਦਿੱਲੀ ਨੂੰ North-East ਦੇ ਦਰਵਾਜ਼ੇ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
- ਅੱਜ ਸਾਡੇ ਦੇਸ਼ ਵਿੱਚ 65 % ਜਨਸੰਖਿਆ 35 ਸਾਲ ਦੀ ਉਮਰ ਦੀ ਹੈ। ਸਾਡੇ ਦੇਸ਼ ਦੇ ਨੌਜਵਾਨਾਂ ਨੇ nature of job ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। startup ਹੋਵੇ, BPO ਹੋਵੇ, e-commerce ਹੋਵੇ, mobility ਦਾ ਖੇਤਰ ਹੋਵੇ ਅਜਿਹੇ ਨਵੇਂ ਖੇਤਰਾਂ ਨੂੰ ਅੱਜ ਮੇਰੇ ਦੇਸ਼ ਦਾ ਨੌਜਵਾਨ ਆਪਣੇ ਸੀਨੇ ਵਿੱਚ ਬੰਨ੍ਹ ਕੇ ਨਵੀਆਂ ਉੱਚਾਈਆਂ 'ਤੇ ਦੇਸ਼ ਨੂੰ ਲੈ ਜਾਣ ਲਈ ਲੱਗਿਆ ਹੋਇਆ ਹੈ।
- 13 ਕਰੋੜ ਲੋਕਾਂ ਨੂੰ MUDRA LOAN, ਬਹੁਤ ਵੱਡੀ ਗੱਲ ਹੈ। ਉਨ੍ਹਾਂ ਵਿੱਚੋਂ 4 ਕਰੋੜ ਨੌਜਵਾਨ ਅਜਿਹੇ ਹਨ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਤਿਓਂ ਲੋਨ ਲਿਆ ਹੈ, ਅਤੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਸਵੈ-ਰੋਜ਼ਗਾਰ 'ਤੇ ਅੱਗੇ ਵਧ ਰਹੇ ਹਨ। ਇਹ ਆਪਣੇ ਆਪ ਵਿੱਚ ਬਦਲੇ ਹੋਏ ਵਾਤਾਵਰਣ ਦਾ ਇੱਕ ਜਿਊਂਦਾ ਜਾਗਦਾ ਉਦਾਹਰਨ ਹੈ।
- ਹਿੰਦੋਸਤਾਨ ਦੇ ਤਿੰਨ ਲੱਖ ਪਿੰਡਾਂ ਵਿੱਚ COMMON SERVICE CENTRE ਦੇਸ਼ ਦੇ ਨੌਜਵਾਨ ਚਲਾ ਰਹੇ ਹਨ ਅਤੇ ਹਰ ਪਿੰਡ ਨੂੰ, ਹਰ ਨਾਗਰਿਕ ਨੂੰ, ਪਲਕ ਝਪਕਦੇ ਹੀ ਵਿਸ਼ਵ ਨਾਲ ਜੋੜਨ ਲਈ Information Technology ਦਾ ਭਰਪੂਰ ਉਪਯੋਗ ਕਰ ਰਹੇ ਹਨ।
- ਵਿਗਿਆਨਕਾਂ ਦੇ ਅਧਾਰ, ਕਲਪਨਾ ਅਤੇ ਸੋਚ ਸਦਕਾ, 'ਨਾਵਿਕ' ਨੂੰ ਅਸੀਂ ਲਾਂਚ ਕਰਨ ਜਾ ਰਹੇ ਹਾਂ। ਸਾਡੇ ਦੇਸ਼ ਦੇ ਮਛੇਰਿਆਂ ਨੂੰ, ਦੇਸ਼ ਦੇ ਆਮ ਨਾਗਰਿਕਾਂ ਨੂੰ ‘ਨਾਵਿਕ’ ਰਾਹੀਂ ਦਿਸ਼ਾ ਦਰਸ਼ਨ ਦਾ ਲਾਭ ਮਿਲੇਗਾ।
- ਸਾਡੇ ਦੇਸ਼ ਨੇ ਸੰਕਲਪ ਕੀਤਾ ਹੈ ਕਿ 2022 ਤੱਕ ਅਸੀਂ ਪੁਲਾੜ ਵਿੱਚ ਮਨੁੱਖ ਸਮੇਤ ਗਗਨਯਾਨ ਲੈ ਕੇ ਜਾਵਾਂਗੇ, ਜਦੋਂ ਇਹ ਗਗਨਯਾਨ ਪੁਲਾੜ ਵਿੱਚ ਜਾਵੇਗਾ, ਅਸੀਂ ਮਨੁੱਖ ਨੂੰ ਪੁਲਾੜ ਵਿੱਚ ਪਹੁੰਚਾਉਣ ਵਾਲਾ ਵਿਸ਼ਵ ਦਾ ਚੌਥਾ ਦੇਸ਼ ਬਣ ਜਾਵਾਂਗੇ।
- ਅੱਜ ਸਾਡਾ ਪੂਰਾ ਧਿਆਨ ਖੇਤੀ ਖੇਤਰ ਵਿੱਚ ਆਧੁਨਿਕਤਾ ਲਿਆਉਣ ਲਈ, ਬਦਲਾਅ ਲਿਆਉਣ ‘ਤੇ ਲੱਗ ਰਿਹਾ ਹੈ। ਅਜ਼ਾਦੀ ਦੇ 75ਵੇਂ ਸਾਲ ਵਿੱਚ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਸੁਪਨਾ ਦੇਖ ਰਹੇ ਹਾਂ।
- ਅਸੀਂ ਖੇਤੀ ਵਿੱਚ ਆਧੁਨਿਕਤਾ ਲਿਆ ਕੇ, ਖੇਤੀ ਦੇ ਫਲਕ ਨੂੰ ਚੌੜਾ ਕਰਕੇ ਚੱਲਣਾ ਚਾਹੁੰਦੇ ਹਾਂ। ਬੀਜ ਤੋਂ ਲੈ ਕੇ ਬਜ਼ਾਰ ਤੱਕ ਅਸੀਂ value addition ਕਰਨਾ ਚਾਹੁੰਦੇ ਹਾਂ। ਅਸੀਂ ਪਹਿਲੀ ਵਾਰ ਦੇਸ਼ ਵਿੱਚ agriculture export policy ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ ਤਾਂ ਕਿ ਸਾਡੇ ਦੇਸ਼ ਦਾ ਕਿਸਾਨ ਵੀ ਵਿਸ਼ਵ ਬਜ਼ਾਰ ਦੇ ਅੰਦਰ ਤਾਕਤ ਨਾਲ ਖੜ੍ਹਾ ਰਹੇ।
- ਅੱਜ ਨਵੀਂ ਖੇਤੀ ਕ੍ਰਾਂਤੀ organic farming, blue revolution, sweet revolution, solar farming; ਇਹ ਨਵੇਂ ਦਾਇਰੇ ਖੁੱਲ੍ਹ ਚੁੱਕੇ ਹਨ। ਉਸਨੂੰ ਲੈ ਕੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ।
- ਮੱਛੀ ਉਤਪਾਦਨ ਦੇ ਮਾਮਲਿਆਂ ਵਿੱਚ ਸਾਡਾ ਦੇਸ਼ ਦੁਨੀਆ ਵਿੱਚ second highest ਹੋ ਗਿਆ ਹੈ।
- ਅੱਜ ਸ਼ਹਿਦ ਦਾ export ਦੁੱਗਣਾ ਹੋ ਗਿਆ ਹੈ।
- ਗੰਨਾ ਕਿਸਾਨਾਂ ਨੂੰ ਖੁਸ਼ੀ ਹੋਏਗੀ ਕਿ ਸਾਡੇ ethanol ਦਾ ਉਤਪਾਦਨ ਤਿੰਨ ਗੁਣਾ ਹੋ ਗਿਆ ਹੈ।
- ਗ੍ਰਾਮੀਣ ਅਰਥਵਿਵਸਥਾ ਵਿੱਚ ਜਿੰਨਾ ਮਹੱਤਵ ਖੇਤੀ ਦਾ ਹੈ, ਓਨਾ ਹੀ ਹੋਰ ਕਾਰੋਬਾਰਾਂ ਦਾ ਹੈ। ਇਸ ਲਈ ਅਸੀਂ women self help group ਰਾਹੀਂ, ਅਰਬਾਂ-ਖਰਬਾਂ ਰੁਪਇਆਂ ਦੇ ਮਾਧਿਅਮ ਨਾਲ, ਪਿੰਡਾਂ ਦੇ ਜੋ ਸਰੋਤ ਹਨ, ਪਿੰਡਾਂ ਦੀ ਜੋ ਸਮਰੱਥਾ ਹੈ, ਉਸਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਅਤੇ ਉਸ ਦਿਸ਼ਾ ਵਿੱਚ ਅਸੀਂ ਪ੍ਰਯਤਨ ਕਰ ਰਹੇ ਹਾਂ।
- ਖਾਦੀ ਦੀ ਵਿੱਕਰੀ ਪਹਿਲਾਂ ਤੋਂ ਦੁੱਗਣੀ ਹੋ ਗਈ ਹੈ।
- ਦੇਸ਼ ਦਾ ਕਿਸਾਨ ਹੁਣ solar farming 'ਤੇ ਵੀ ਜ਼ੋਰ ਦੇਣ ਲੱਗਿਆ ਹੈ। ਖੇਤੀ ਦੇ ਇਲਾਵਾ ਉਹ solar farming ਨਾਲ ਬਿਜਲੀ ਵੇਚ ਕੇ ਵੀ ਕਮਾਈ ਕਰ ਸਕਦਾ ਹੈ।
- ਦੇਸ਼ ਵਿੱਚ ਆਰਥਿਕ ਵਿਕਾਸ ਅਤੇ ਆਰਥਿਕ ਖੁਸ਼ਹਾਲੀ ਦੇ ਨਾਲ ਨਾਲ ਮਨੁੱਖ ਦੀ ਗਰਿਮਾ ਵੀ ਹੋਵੇ, ਇਹ supreme ਹੁੰਦੀ ਹੈ। ਅਸੀਂ ਉਨ੍ਹਾਂ ਯੋਜਨਾਵਾਂ ਨੂੰ ਲੈ ਕੇ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਕਿ ਵਿਅਕਤੀ ਸਨਮਾਨ ਨਾਲ ਜ਼ਿੰਦਗੀ ਜੀ ਸਕੇ, ਮਾਣ ਨਾਲ ਜ਼ਿੰਦਗੀ ਜੀ ਸਕੇ।
- WTO ਦੀ ਰਿਪੋਰਟ ਦੇ ਹਿਸਾਬ ਨਾਲ ਭਾਰਤ ਵਿੱਚ ਸਵੱਛਤਾ ਅਭਿਆਨ ਕਾਰਨ 3 ਲੱਖ ਬੱਚੇ ਮਰਨ ਤੋਂ ਬਚ ਗਏ ਹਨ।
- ਗਾਂਧੀ ਜੀ ਨੇ ਸੱਤਿਆਗ੍ਰਹੀ ਤਿਆਰ ਕੀਤੇ ਸਨ ਅਤੇ ਗਾਂਧੀ ਜੀ ਦੀ ਪ੍ਰੇਰਣਾ ਨੇ ਸਵੱਛਾਗ੍ਰਹੀ ਤਿਆਰ ਕੀਤੇ ਹਨ। ਬਾਪੂ ਦੀ 150ਵੀਂ ਜਯੰਤੀ 'ਤੇ ਪੂਜਨੀਕ ਬਾਪੂ ਨੂੰ ਸਵੱਛ ਭਾਰਤ ਦੇ ਰੂਪ ਵਿੱਚ, ਇਹ ਸਾਡੇ ਕਰੋੜਾਂ ਸਵੱਛਾਗ੍ਰਹੀ, ਕਾਰਜਾਂਜਲੀ ਸਮਰਪਿਤ ਕਰਨਗੇ।
- ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ, ਆਮ ਨਾਗਰਿਕ ਨੂੰ, ਅਰੋਗਤਾ ਦੀ ਸੁਵਿਧਾ ਮਿਲੇ, ਇਸ ਲਈ ਗੰਭੀਰ ਬਿਮਾਰੀਆਂ ਲਈ ਅਤੇ ਵੱਡੇ ਹਸਪਤਾਲਾਂ ਵਿੱਚ ਆਮ ਲੋਕਾਂ ਨੂੰ ਵੀ ਅਰੋਗਤਾ ਦੀ ਸੁਵਿਧਾ ਮਿਲੇ, ਮੁਫ਼ਤ ਵਿੱਚ ਮਿਲੇ ਅਤੇ ਇਸ ਲਈ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਜਨਅਰੋਗਯ ਅਭਿਆਨ ਸ਼ੁਰੂ ਕਰਨਾ ਤੈਅ ਕੀਤਾ ਹੈ।
- ਆਯੁਸ਼ਮਾਨ ਭਾਰਤ ਯੋਜਨਾ ਤਹਿਤ 10 ਕਰੋੜ ਪਰਿਵਾਰਾਂ, ਯਾਨੀ ਲਗਪਗ 50 ਕਰੋੜ ਨਾਗਰਿਕ, ਹਰ ਪਰਿਵਾਰ ਨੂੰ 5 ਲੱਖ ਰੁਪਏ ਸਾਲਾਨਾ, health assurance ਦੇਣ ਦੀ ਯੋਜਨਾ ਹੈ। ਇਹ ਅਸੀਂ ਇਸ ਦੇਸ਼ ਨੂੰ ਦੇਣ ਵਾਲੇ ਹਾਂ।
- ਇਹ technology driven ਵਿਵਸਥਾ ਹੈ, transparency 'ਤੇ ਜ਼ੋਰ ਹੋਵੇ, ਕਿਸੇ ਆਮ ਵਿਅਕਤੀ ਨੂੰ ਇਹ ਅਵਸਰ ਪ੍ਰਾਪਤ ਕਰਨ ਵਿੱਚ ਕਠਿਨਾਈ ਨਾ ਹੋਵੇ, ਰੁਕਾਵਟ ਨਾ ਆਵੇ ਇਸ ਲਈ technology intervention ਬਹੁਤ ਮਹੱਤਵਪੂਰਨ ਹੈ। ਇਸ ਦੇ ਲਈ technology ਦੇ ਟੂਲ ਬਣੇ ਹਨ।
- 25 ਸਤੰਬਰ, 2018 ਨੂੰ ਪ੍ਰਧਾਨ ਮੰਤਰੀ ਜਨਆਰੋਗਯ ਅਭਿਆਨ ਲਾਂਚ ਕਰ ਦਿੱਤਾ ਜਾਏਗਾ ਅਤੇ ਇਸਦਾ ਨਤੀਜਾ ਇਹ ਹੋਣ ਵਾਲਾ ਹੈ ਕਿ ਦੇਸ਼ ਦੇ ਗ਼ਰੀਬ ਵਿਅਕਤੀ ਨੂੰ ਹੁਣ ਬਿਮਾਰੀ ਦੇ ਸੰਕਟ ਨਾਲ ਜੂਝਣਾ ਨਹੀਂ ਪਏਗਾ।
- ਦੇਸ਼ ਵਿੱਚ ਵੀ ਮੱਧਵਰਗੀ ਪਰਿਵਾਰਾਂ ਲਈ, ਨੌਜਵਾਨਾਂ ਲਈ, ਅਰੋਗਤਾ ਦੇ ਖੇਤਰ ਵਿੱਚ ਨਵੇਂ ਅਵਸਰ ਖੁੱਲ੍ਹਣਗੇ। tier 2 tier 3 cities ਵਿੱਚ ਨਵੇਂ ਹਸਪਤਾਲ ਬਣਨਗੇ। ਬਹੁਤ ਵੱਡੀ ਮਾਤਰਾ ਵਿੱਚ medical staff ਲੱਗੇਗਾ। ਬਹੁਤ ਵੱਡੇ ਰੋਜ਼ਗਾਰ ਦੇ ਅਵਸਰ ਵੀ ਪੈਦਾ ਹੋਣਗੇ।
- ਅਸੀਂ ਪਿਛਲੇ ਚਾਰ ਸਾਲ ਵਿੱਚ ਗ਼ਰੀਬ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਜ਼ੋਰ ਦਿੱਤਾ ਹੈ। ਹੁਣੇ ਹੀ ਇੱਕ ਅੰਤਰਰਾਸ਼ਟਰੀ ਸੰਸਥਾ ਨੇ ਇੱਕ ਬਹੁਤ ਚੰਗੀ ਰਿਪੋਰਟ ਜਾਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਦੋ ਸਾਲ ਵਿੱਚ ਭਾਰਤ ਵਿੱਚ ਪੰਜ ਕਰੋੜ ਗ਼ਰੀਬ , ਗ਼ਰੀਬੀ ਦੀ ਰੇਖਾ ਤੋਂ ਬਾਹਰ ਆ ਗਏ ਹਨ।
- ਗ਼ਰੀਬ ਨੂੰ ਸਸ਼ਕਤ ਬਣਾਉਣ ਲਈ ਅਸੀਂ ਅਨੇਕ ਯੋਜਨਾਵਾਂ ਬਣਾਈਆਂ ਹਨ। ਯੋਜਨਾਵਾਂ ਤਾਂ ਬਣਦੀਆਂ ਹਨ, ਲੇਕਿਨ ਵਿਚੋਲੇ, ਫਰਜ਼ੀ ਕੰਪਨੀਆਂ, ਉਸ ਵਿੱਚੋਂ ਮਲਾਈ ਖਾ ਲੈਂਦੇ ਹਨ। ਗ਼ਰੀਬ ਨੂੰ ਹੱਕ ਮਿਲਦਾ ਨਹੀਂ ਹੈ।
- ਸਰਕਾਰ leakages ਬੰਦ ਕਰਨ ਵਿੱਚ ਲੱਗੀ ਹੈ, ਇਸ ਸਰਕਾਰ ਨੇ ਇਸ ਨੂੰ ਰੋਕਿਆ ਹੈ। ਭ੍ਰਿਸ਼ਟਾਚਾਰ, ਕਾਲਾਧਨ, ਇਹ ਸਾਰੇ ਕਾਰੋਬਾਰ ਰੋਕਣ ਦੀ ਦਿਸ਼ਾ ਵਿੱਚ ਅਸੀਂ ਕਦਮ ਚੁੱਕੇ ਹਨ। ਇਸ ਦੇ ਨਤੀਜੇ ਵਜੋਂ ਲਗਭਗ 90 ਹਜ਼ਾਰ ਕਰੋੜ ਰੁਪਇਆ ਸਰਕਾਰੀ ਖਜ਼ਾਨੇ ਵਿੱਚ ਆਇਆ ਹੈ।
- ਜੋ ਇਮਾਨਦਾਰ ਵਿਅਕਤੀ ਟੈਕਸ ਦਿੰਦਾ ਹੈ, ਉਸ ਪੈਸੇ ਨਾਲ ਇਹ ਯੋਜਨਾਵਾਂ ਚਲਦੀਆਂ ਹਨ। ਇਨ੍ਹਾਂ ਯੋਜਨਾਵਾਂ ਦਾ ਪੁੰਨ ਜੇਕਰ ਕਿਸੇ ਨੂੰ ਮਿਲਦਾ ਹੈ ਤਾਂ ਸਰਕਾਰ ਨੂੰ ਨਹੀਂ, ਮੇਰੇ ਇਮਾਨਦਾਰ ਕਰਦਾਤਿਆਂ ਨੂੰ ਮਿਲਦਾ ਹੈ, Tax payer ਨੂੰ ਮਿਲਦਾ ਹੈ।
- ਦੇਸ਼ ਵਿੱਚ 2013 ਤੱਕ, ਯਾਨੀ ਪਿਛਲੇ 70 ਸਾਲ ਦੀ ਸਾਡੀ ਗਤੀਵਿਧੀ ਦਾ ਨਤੀਜਾ ਸੀ ਕਿ ਦੇਸ਼ ਵਿੱਚ direct Tax ਦੇਣ ਵਾਲੇ 4 ਕਰੋੜ ਲੋਕ ਸਨ, ਪਰ ਅੱਜ ਇਹ ਸੰਖਿਆ ਲਗਭਗ ਦੁੱਗਣੀ ਹੋ ਕੇ ਪੌਣੇ ਸੱਤ ਕਰੋੜ ਹੋ ਗਈ ਹੈ।
- 70 ਸਾਲ ਵਿੱਚ ਸਾਡੇ ਦੇਸ਼ ਵਿੱਚ ਜਿੰਨੇ indirect tax ਨਾਲ ਉੱਦਮੀ ਜੁੜੇ ਸਨ, ਉਹ 70 ਸਾਲ ਵਿੱਚ 70 ਲੱਖ ਤੱਕ ਅੰਕੜਾ ਪਹੁੰਚਿਆ ਸੀ, ਪਰ ਸਿਰਫ਼ GST ਆਉਣ ਦੇ ਬਾਅਦ ਪਿਛਲੇ ਇੱਕ ਸਾਲ ਵਿੱਚ ਇਹ 70 ਲੱਖ ਦਾ ਅੰਕੜਾ ਇੱਕ ਕਰੋੜ 16 ਲੱਖ 'ਤੇ ਪਹੁੰਚ ਗਿਆ।
- ਅਸੀਂ ਕਾਲਾ ਧਨ, ਭ੍ਰਿਸ਼ਟਾਚਾਰ ਨੂੰ ਮੁਆਫ਼ ਨਹੀਂ ਕਰਾਂਗੇ। ਕਿੰਨੀਆਂ ਹੀ ਆਫ਼ਤਾਂ ਕਿਉਂ ਨਾ ਆਉਣ, ਇਸ ਮਾਰਗ ਨੂੰ ਤਾਂ ਮੈਂ ਛੱਡਣ ਵਾਲਾ ਨਹੀਂ ਹਾਂ। ਹੁਣ ਦਿੱਲੀ ਦੇ ਗਲਿਆਰੇ ਵਿੱਚ power broker ਨਜ਼ਰ ਨਹੀਂ ਆਉਂਦੇ ਹਨ।
- ਅਸੀਂ ਪ੍ਰਕਿਰਿਆਵਾਂ ਨੂੰ transparent ਬਣਾਉਣ ਲਈ online ਪ੍ਰਕਿਰਿਆ ਸ਼ੁਰੂ ਕੀਤੀ ਹੈ। ਅਸੀਂ IT Technology ਦਾ ਉਪਯੋਗ ਕੀਤਾ ਹੈ।
- ਭਾਰਤੀ ਹਥਿਆਰਬੰਦ ਸੈਨਾ ਵਿੱਚ short service commission ਰਾਹੀਂ ਨਿਯੁਕਤ, ਮਹਿਲਾ ਅਧਿਕਾਰੀਆਂ ਨੂੰ ਪੁਰਸ਼ ਅਧਿਕਾਰੀਆਂ ਦੇ ਬਰਾਬਰ ਪਾਰਦਰਸ਼ੀ ਚੋਣ ਪ੍ਰਕਿਰਿਆ ਰਾਹੀਂ ਸਥਾਈ commission ਦਾ ਮੈਂ ਅੱਜ ਐਲਾਨ ਕਰਦਾ ਹਾਂ।
- ਬਲਾਤਕਾਰ ਪੀੜਦਾਇਕ ਹੈ, ਪਰ ਬਲਾਤਕਾਰ ਦੀ ਸ਼ਿਕਾਰ ਉਸ ਬੇਟੀ ਨੂੰ ਜਿੰਨੀ ਪੀੜ ਹੁੰਦੀ ਹੈ, ਉਸ ਤੋਂ ਲੱਖਾਂ ਗੁਣਾ ਪੀੜ ਸਾਨੂੰ ਦੇਸ਼ਵਾਸੀਆਂ ਨੂੰ, ਦੇਸ਼ ਨੂੰ, ਦੇਸ਼ ਦੀ ਜਨਤਾ ਨੂੰ ਅਤੇ ਹਰ ਇੱਕ ਨੂੰ ਹੋਣੀ ਚਾਹੀਦੀ ਹੈ।
- ਸਾਨੂੰ ਰਾਖਸ਼ੀ ਮਨੋਬਿਰਤੀ ਤੋਂ ਦੇਸ਼ ਅਤੇ ਸਮਾਜ ਨੂੰ ਮੁਕਤ ਕਰਾਉਣਾ ਹੋਏਗਾ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਸਾਨੂੰ ਇਸ ਮਾਨਸਿਕਤਾ 'ਤੇ ਵਾਰ ਕਰਨ ਦੀ ਲੋੜ ਹੈ, ਇਸ ਸੋਚ 'ਤੇ ਵਾਰ ਕਰਨ ਦੀ ਲੋੜ ਹੈ, ਇਸ ਵਿਕਾਰ 'ਤੇ ਵਾਰ ਕਰਨ ਦੀ ਲੋੜ ਹੈ।
- ਤਿੰਨ ਤਲਾਕ ਦੀ ਕੁਰੀਤੀ ਨੇ ਸਾਡੇ ਦੇਸ਼ ਦੀਆਂ ਮੁਸਲਿਮ ਬੇਟੀਆਂ ਦੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖਿਆ ਹੋਇਆ ਹੈ। ਅਤੇ ਜਿਨ੍ਹਾਂ ਨੂੰ ਤਲਾਕ ਨਹੀਂ ਮਿਲਿਆ ਹੈ, ਉਹ ਵੀ ਇਸ ਦਬਾਅ ਵਿੱਚੋਂ ਗੁਜ਼ਰ ਰਹੀਆਂ ਹਨ। ਸੰਸਦ ਦੇ ਮੌਨਸੂਨ ਸੈਸ਼ਨ ਵਿੱਚ Parliament ਵਿੱਚ ਕਾਨੂੰਨ ਲਿਆ ਕੇ ਅਸੀਂ ਇਨ੍ਹਾਂ ਔਰਤਾਂ ਨੂੰ ਕੁਰੀਤੀਆਂ ਤੋਂ ਮੁਕਤੀ ਦਿਵਾਉਣ ਦਾ ਬੀੜਾ ਚੁੱਕਿਆ ਸੀ, ਪਰ ਅਜੇ ਵੀ ਕੁਝ ਲੋਕ ਹਨ ਜੋ ਇਸ ਨੂੰ ਪਾਸ ਨਹੀਂ ਹੋਣ ਦਿੰਦੇ।
- ਸਾਡੇ ਸੁਰੱਖਿਆ ਬਲਾਂ ਦੇ ਪ੍ਰਯਤਨਾਂ, ਰਾਜ ਸਰਕਾਰਾਂ ਦੀ ਸਰਗਰਮੀ ਤੇ ਕੇਂਦਰ ਅਤੇ ਰਾਜਾਂ ਦੀਆਂ ਵਿਕਾਸ ਯੋਜਨਾਵਾਂ ਕਾਰਨ, ਆਮ ਨਾਗਰਿਕ ਨੂੰ ਜੋੜਨ ਦੇ ਪ੍ਰਯਤਨਾਂ ਦਾ ਨਤੀਜਾ ਹੈ ਕਿ ਅੱਜ ਕਈ ਸਾਲਾਂ ਬਾਅਦ ਤ੍ਰਿਪੁਰਾ ਅਤੇ ਮੇਘਾਲਿਆ-ਦੋ ਰਾਜ ਪੂਰੀ ਤਰ੍ਹਾਂ armed forces special power act ਤੋਂ ਮੁਕਤ ਹੋ ਗਏ ਹਨ।
- ਜੰਮੂ ਅਤੇ ਕਸ਼ਮੀਰ ਦੇ ਮਾਮਲੇ ਵਿੱਚ ਅਟਲ ਬਿਹਾਰੀ ਵਾਜਪਈ ਜੀ ਨੇ ਜੋ ਰਸਤਾ ਸਾਨੂੰ ਦਿਖਾਇਆ ਹੈ, ਉਹੀ ਰਸਤਾ ਸਹੀ ਹੈ। ਉਸੀ ਰਸਤੇ 'ਤੇ ਅਸੀਂ ਚੱਲਣਾ ਚਾਹੁੰਦੇ ਹਾਂ। ਅਸੀਂ ਗੋਲੀ ਅਤੇ ਗਾਲ ਦੇ ਰਸਤੇ 'ਤੇ ਨਹੀਂ, ਗਲੇ ਲਗਾ ਕੇ ਕਸ਼ਮੀਰ ਦੇ ਦੇਸ਼ ਭਗਤੀ ਨਾਲ ਜਿਊਣ ਵਾਲੇ ਲੋਕਾਂ ਨਾਲ ਅੱਗੇ ਵਧਣਾ ਚਾਹੁੰਦੇ ਹਾਂ।
- ਆਉਣ ਵਾਲੇ ਕੁਝ ਹੀ ਮਹੀਨਿਆਂ ਵਿੱਚ ਜੰਮੂ-ਕਸ਼ਮੀਰ ਵਿੱਚ ਪਿੰਡਾਂ ਦੇ ਲੋਕਾਂ ਨੂੰ ਆਪਣਾ ਹੱਕ ਜਤਾਉਣ ਦਾ ਅਵਸਰ ਮਿਲੇਗਾ। ਆਪਣੀ ਖ਼ੁਦ ਦੀ ਵਿਵਸਥਾ ਖੜ੍ਹੀ ਕਰਨ ਦਾ ਅਵਸਰ ਮਿਲੇਗਾ। ਹੁਣ ਤਾਂ ਭਾਰਤ ਸਰਕਾਰ ਤੋਂ ਇੰਨੀ ਵੱਡੀ ਮਾਤਰਾ ਵਿੱਚ ਪੈਸੇ ਸਿੱਧੇ ਪਿੰਡ ਦੇ ਕੋਲ ਜਾਂਦੇ ਹਨ ਕਿ ਪਿੰਡ ਨੂੰ ਅੱਗੇ ਵਧਾਉਣ ਲਈ ਉੱਥੋਂ ਦੇ ਚੁਣੇ ਹੋਏ ਪੰਚ ਕੋਲ ਤਾਕਤ ਆਏਗੀ। ਇਸ ਲਈ ਨਜ਼ਦੀਕੀ ਭਵਿੱਖ ਵਿੱਚ ਪੰਚਾਇਤਾਂ ਦੀਆਂ ਚੋਣਾਂ ਹੋਣ, ਸਥਾਨਕ ਨਗਰ ਨਿਗਮਾਂ ਦੀਆਂ ਚੋਣਾਂ ਹੋਣ, ਉਸ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ।
- ਹਰ ਭਾਰਤੀ ਕੋਲ ਆਪਣਾ ਘਰ ਹੋਵੇ- housing for all, ਹਰ ਘਰ ਕੋਲ ਬਿਜਲੀ ਕਨੈਕਸ਼ਨ ਹੋਵੇ- Power for all, ਹਰ ਭਾਰਤੀ ਨੂੰ ਧੂੰਏ ਤੋਂ ਮੁਕਤੀ ਮਿਲੇ ਰਸੋਈ ਵਿੱਚ ਅਤੇ ਇਸ ਲਈ cooking gas for all, ਹਰ ਭਾਰਤੀ ਨੂੰ ਜ਼ਰੂਰਤ ਮੁਤਾਬਕ ਜਲ ਮਿਲੇ ਅਤੇ ਇਸ ਲਈ water for all, ਹਰ ਭਾਰਤੀ ਨੂੰ ਟੌਇਲਟ ਮਿਲੇ ਅਤੇ ਇਸ ਲਈ sanitation for all, ਹਰ ਭਾਰਤੀ ਨੂੰ ਹੁਨਰ ਮਿਲੇ ਅਤੇ ਇਸ ਲਈ skill for all, ਹਰ ਭਾਰਤੀ ਨੂੰ ਚੰਗੀਆਂ ਅਤੇ ਸਸਤੀਆਂ ਸਿਹਤ ਸੇਵਾਵਾਂ ਮਿਲਣ, ਇਸ ਲਈ health for all, ਹਰ ਭਾਰਤੀ ਨੂੰ ਸੁਰੱਖਿਆ ਮਿਲੇ, ਸੁਰੱਖਿਆ ਦਾ ਬੀਮਾ ਸੁਰੱਖਿਆ ਕਵਰ ਮਿਲੇ ਅਤੇ ਇਸ ਲਈ insurance for all, ਹਰ ਭਾਰਤੀ ਨੂੰ ਇੰਟਰਨੈੱਟ ਦੀ ਸੇਵਾ ਮਿਲੇ ਅਤੇ ਇਸ ਲਈ connectivity for all, ਇਸ ਮੰਤਰ ਨੂੰ ਲੈ ਕੇ ਅਸੀਂ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ।
- ਅਸੀਂ ਠਹਿਰਾਅ ਪ੍ਰਵਾਨ ਨਹੀਂ ਕਰਦੇ, ਸਾਨੂੰ ਰੁਕਣਾ ਮਨਜ਼ੂਰ ਨਹੀਂ ਹੈ, ਅਤੇ ਝੁਕਣਾ ਤਾਂ ਸਾਡੇ ਸੁਭਾਅ ਵਿੱਚ ਨਹੀਂ ਹੈ। ਇਹ ਦੇਸ਼ ਨਾ ਰੁਕੇਗਾ, ਨਾ ਝੁਕੇਗਾ, ਇਹ ਦੇਸ਼ ਨਾ ਥੱਕੇਗਾ, ਅਸੀਂ ਨਵੀਆਂ ਉਚਾਈਆਂ 'ਤੇ ਅੱਗੇ ਵਧਣਾ ਹੈ, ਲਗਾਤਾਰ ਪ੍ਰਗਤੀ ਕਰਦੇ ਜਾਣਾ ਹੈ।
*****