independenceday-2016

Press Information Bureau

Government of India

President's Secretariat

ਅਜ਼ਾਦੀ ਦਿਵਸ ਤੋਂ ਪਹਿਲੀ ਸ਼ਾਮ (14 ਅਗਸਤ, 2017) ਨੂੰ ਮਾਣਯੋਗ ਰਾਸ਼ਟਰਪਤੀ ਜੀ ਦਾ ਰਾਸ਼ਟਰ ਦੇ ਨਾਮ ਸੰਦੇਸ਼

Posted On :14, August 2017 19:44 IST

ਰਾਸ਼ਟਰ ਨਿਰਮਾਣ ਦੇ ਕੰਮ ਵਿੱਚ ਲੱਗੇ ਹੋਏ ਮੇਰੇ ਪਿਆਰੇ ਦੇਸ਼ ਵਾਸੀਓ,

 

ਅਜ਼ਾਦੀ ਦੇ 70 ਸਾਲ ਪੂਰੇ ਹੋਣ ਦੇ ਮੌਕੇ ਉੱਤੇ ਤੁਹਾਨੂੰ ਸਭ ਨੂੰ ਬਹੁਤ—ਬਹੁਤ ਸ਼ੁਭ ਕਾਮਨਾਵਾਂ। ਕੱਲ ਦੇਸ਼ ਅਜ਼ਾਦੀ ਦੀ 71ਵੀਂ ਵਰ੍ਹੇਗੰਢ ਮਨਾਉਣ ਵਾਲਾ ਹੈ। ਇਸ 70 ਵੀਂ ਵਰ੍ਹੇਗੰਢ ਤੋਂ ਪਹਿਲੀ ਸ਼ਾਮ ਮੈਂ ਤੁਹਾਨੂੰ ਸਭ ਨੂੰ ਦਿਲੋਂ ਵਧਾਈ ਦਿੰਦਾ ਹਾਂ।

 

ਪੰਦਰਾਂ (15) ਅਗਸਤ, 1947 ਨੂੰ ਸਾਡਾ ਦੇਸ਼ ਇਕ ਸੁਤੰਤਰ ਰਾਸ਼ਟਰ ਬਣਿਆ ਸੀ। ਪ੍ਰਭੂਸੱਤਾ ਹਾਸਲ ਕਰਨ ਦੇ ਨਾਲ ਨਾਲ ਉਸੇ ਦਿਨ ਤੋਂ ਦੇਸ਼ ਦੀ ਤਕਦੀਰ ਤੈਅ ਕਰਨ ਦੀ ਜ਼ਿੰਮੇਵਾਰੀ ਬ੍ਰਿਟਿਸ਼ ਹਕੂਮਤ ਦੇ ਹੱਥਾਂ ਵਿਚੋਂ ਨਿਕਲ ਕੇ ਸਾਡੇ ਭਾਰਤ ਵਾਸੀਆਂ ਕੋਲ ਆ ਗਈ ਸੀ। ਕੁਝ ਲੋਕਾਂ ਨੇ ਇਸ ਪ੍ਰਕਿਰਿਆ ਨੂੰ  'ਸੱਤਾ ਦਾ ਤਬਾਦਲਾ' ਵੀ ਕਿਹਾ ਸੀ।

 

ਲੇਕਿਨ ਅਸਲ ਵਿੱਚ ਉਹ ਸਿਰਫ ਸੱਤਾ ਦਾ ਤਬਾਦਲਾ ਨਹੀਂ ਸੀ। ਉਹ ਇਕ ਬਹੁਤ ਵੱਡੇ ਅਤੇ ਵਿਆਪਕ ਬਦਲਾਅ ਦੀ ਘੜੀ ਸੀ। ਉਹ ਸਾਡੇ ਸਮੁੱਚੇ ਦੇਸ਼ ਦੇ ਸੁਪਨਿਆਂ ਦੇ ਸਾਕਾਰ ਹੋਣ ਦਾ ਪਲ ਸੀ—ਅਜਿਹੇ ਸੁਪਨੇ ਜੋ ਸਾਡੇ ਪੂਰਵਜਾਂ ਅਤੇ ਅਜ਼ਾਦੀ ਘੁਲਾਟੀਆਂ ਨੇ ਵੇਖੇ ਸਨ। ਹੁਣ ਅਸੀਂ ਇਕ ਨਵੇਂ ਰਾਸ਼ਟਰ ਦੀ ਕਲਪਨਾ ਕਰਨ ਅਤੇ ਉਸ ਨੂੰ ਸਾਕਾਰ ਕਰਨ ਲਈ ਅਜ਼ਾਦ ਸੀ।

 

ਸਾਡੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਜ਼ਾਦ ਭਾਰਤ ਦਾ ਉਨ੍ਹਾਂ ਦਾ ਸੁਪਨਾ, ਸਾਡੇ ਪਿੰਡ, ਗ਼ਰੀਬ ਅਤੇ ਦੇਸ਼ ਦੇ ਸਮੁੱਚੇ ਵਿਕਾਸ ਦਾ ਸੁਪਨਾ ਸੀ।

 

ਅਜ਼ਾਦੀ ਲਈ ਅਸੀਂ ਉਨ੍ਹਾਂ ਸਾਰੇ ਅਣਗਿਣਤ ਅਜ਼ਾਦੀ ਘੁਲਾਟੀਆਂ ਦੇ ਰਿਣੀ ਹਾਂ ਜਿਨ੍ਹਾਂ ਨੇ ਇਸ ਲਈ ਕੁਰਬਾਨੀਆਂ ਦਿੱਤੀਆਂ ਸਨ।

 

ਕਿੱਤੂਰ ਦੀ ਰਾਣੀ ਚੇਨੰਮਾ, ਝਾਂਸੀ ਦੀ ਰਾਣੀ ਲਕਸ਼ਮੀ ਬਾਈ, ਭਾਰਤ ਛੱਡੋ ਅੰਦਲਨ ਦੀ ਸ਼ਹੀਦ ਮਾਤਾਂਗਿਨੀ ਹਾਜ਼ਰਾ ਵਰਗੀਆਂ ਦਲੇਰ ਇਸਤਰੀਆਂ ਦੀਆਂ ਕਈ ਉਦਾਹਰਣਾਂ ਹਨ।

 

ਮਾਤੰਗਿਨੀ ਹਾਜ਼ਰਾ ਕਰੀਬ 70 ਸਾਲ ਦੀ ਬਜ਼ੁਰਗ ਔਰਤ ਸੀ। ਬੰਗਾਲ ਦੇ ਤਾਮਲੁਕ ਵਿੱਚ ਇੱਕ ਸ਼ਾਂਤੀਪੂਰਨ ਵਿਰੋਧ ਮੁਜ਼ਾਹਰੇ ਦੀ ਅਗਵਾਈ ਕਰਦੇ ਸਮੇਂ ਬ੍ਰਿਟਿਸ਼ ਪੁਲਿਸ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। 'ਵੰਦੇ ਮਾਤਰਮ' ਉਨ੍ਹਾਂ ਦੇ ਬੁੱਲਾਂ ਵਿਚੋਂ ਨਿਕਲੇ ਆਖਰੀ ਸ਼ਬਦ ਸਨ ਅਤੇ ਭਾਰਤ ਦੀ ਅਜ਼ਾਦੀ, ਉਨ੍ਹਾਂ ਦੇ ਦਿਲ ਵਿੱਚ ਵਸੀ ਆਖਰੀ ਇੱਛਾ।

 

ਦੇਸ਼ ਲਈ ਜਾਨ ਦੀ ਬਾਜ਼ੀ ਲਗਾ ਦੇਣ ਵਾਲੇ ਸਰਦਾਰ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਖਾਂ ਅਤੇ ਵਿਰਸਾ ਮੁੰਡਾ ਵਰਗੇ ਸਾਡੇ ਹਜ਼ਾਰਾਂ ਅਜ਼ਾਦੀ ਘੁਲਾਟੀਆਂ ਨੂੰ ਅਸੀਂ ਕਦੀ ਨਹੀਂ ਬੁਲਾ ਸਕਦੇ।

 

ਅਜ਼ਾਦੀ ਦੀ ਜੰਗ  ਦੀ ਸ਼ੁਰੂਆਤ ਤੋਂ ਹੀ ਅਸੀਂ ਖੁਸ਼ਕਿਸਮਤ ਰਹੇ ਹਾਂ ਕਿ ਦੇਸ਼ ਨੂੰ ਰਾਹ ਵਿਖਾਉਣ ਵਾਲੇ ਕਈ ਮਹਾਪੁਰਖਾਂ   ਅਤੇ ਕ੍ਰਾਂਤੀਕਾਰੀਆਂ ਦਾ ਸਾਨੂੰ ਅਸ਼ੀਰਵਾਦ ਮਿਲਿਆ।

 

ਉਨ੍ਹਾਂ ਦਾ ਉਦੇਸ਼ ਸਿਰਫ ਸਿਆਸੀ ਅਜ਼ਾਦੀ ਹਾਸਲ ਕਰਨਾ  ਨਹੀਂ ਸੀ। ਮਹਾਤਮਾ ਗਾਂਧੀ ਨੇ ਸਮਾਜ ਅਤੇ ਦੇਸ਼ ਦੇ ਚਰਿੱਤਰ ਨਿਰਮਾਣ ਉੱਤੇ ਜ਼ੋਰ ਦਿੱਤਾ ਸੀ। ਗਾਂਧੀ ਜੀ ਨੇ ਜਿਨ੍ਹਾਂ ਸਿਧਾਂਤਾਂ ਨੂੰ ਅਪਣਾਉਣ ਦੀ ਗੱਲ ਕਹੀ ਸੀ, ਉਹ ਸਾਡੇ ਲਈ ਅੱਜ ਵੀ ਪ੍ਰਾਸੰਗਿਕ ਹਨ।

 

ਰਾਸ਼ਟਰਵਿਆਪੀ ਸੁਧਾਰ ਅਤੇ ਸੰਘਰਸ਼ ਦੀ ਇਸ ਮੁਹਿੰਮ ਵਿੱਚ ਗਾਂਧੀ ਜੀ ਇਕੱਲੇ ਨਹੀਂ ਸਨ। ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਉਸ ਵੇਲੇ 'ਤੁਮ ਮੁਝੇ ਖੂਨ ਦੋ, ਮੈਂ ਤੁਮਹੇ ਆਜ਼ਾਦੀ ਦੂੰਗਾ' ਦਾ ਸੱਦਾ ਦਿੱਤਾ ਤਾਂ ਹਜ਼ਾਰਾਂ ਲੱਖਾਂ ਭਾਰਤ ਵਾਸੀਆਂ ਨੇ ਉਨ੍ਹਾਂ ਦੀ ਅਗਵਾਈ ਵਿੱਚ ਅਜ਼ਾਦੀ ਦੀ  ਲੜਾਈ ਲੜਦੇ ਹੋਏ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ।

 

ਨਹਿਰੂ ਜੀ ਨੇ ਸਾਨੂੰ ਸਿਖਾਇਆ ਕਿ ਭਾਰਤ ਦੀਆਂ ਸਦੀਆਂ ਪੁਰਾਣੀਆਂ ਵਿਰਾਸਤਾਂ ਅਤੇ ਰਵਾਇਤਾਂ, ਜਿਨ੍ਹਾਂ ਉੱਤੇ ਸਾਨੂੰ ਅੱਜ ਮਾਣ ਹੈ , ਉਨ੍ਹਾਂ ਦਾ ਟੈਕਨੋਲੋਜੀ ਨਾਲ ਤਾਲਮੇਲ ਸੰਭਵ ਹੈ, ਅਤੇ ਉਹ ਰਵਾਇਤਾਂ  ਆਧੁਨਿਕ ਸਮਾਜ ਦੇ ਨਿਰਮਾਣ ਦੇ ਯਤਨਾਂ ਵਿੱਚ ਸਹਾਈ ਹੋ ਸਕਦੀਆਂ ਹਨ। 

 

ਸਰਦਾਰ ਪਟੇਲ ਨੇ ਸਾਨੂੰ ਰਾਸ਼ਟਰੀ ਏਕਤਾ ਅਤੇ ਅਖੰਡਤਾ ਦੀ ਅਹਿਮੀਅਤ ਪ੍ਰਤੀ ਜਾਗਰੂਕ ਕੀਤਾ, ਨਾਲ ਹੀ ਉਨ੍ਹਾਂ ਇਹ ਵੀ ਸਮਝਾਇਆ ਕਿ ਅਨੁਸ਼ਾਸਨ ਵਾਲਾ ਰਾਸ਼ਟਰੀ ਚਰਿੱਤਰ ਕੀ ਹੁੰਦਾ ਹੈ।

 

ਬਾਬਾ ਸਾਹਿਬ ਭੀਮਰਾਓ ਅੰਬੇਡਕਰ ਨੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨ ਅਤੇ 'ਕਾਨੂੰਨ ਦੇ ਸ਼ਾਸਨ' ਦੇ ਲਾਜ਼ਮੀ ਹੋਣ ਦੇ ਵਿਸ਼ੇ ਵਿੱਚ ਸਮਝਾਇਆ। । ਨਾਲ ਹੀ ਉਨ੍ਹਾਂ ਨੇ ਸਿੱਖਿਆ ਦੀ ਬੁਨਿਆਦੀ ਅਹਿਮੀਅਤ ਉੱਤੇ ਵੀ ਜ਼ੋਰ ਦਿੱਤਾ।

 

ਇਸ ਤਰ੍ਹਾਂ ਮੈਂ ਦੇਸ਼ ਦੇ ਕੁਝ ਹੀ ਮਹਾਨ ਨੇਤਾਵਾਂ ਦੀਆਂ ਉਦਾਹਰਣਾਂ ਦਿੱਤੀਆਂ ਹਨ। ਮੈਂ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਦੇ ਸਕਦਾ ਹਾਂ। ਸਾਨੂੰ ਜਿਸ ਪੀੜ੍ਹੀ ਨੇ ਅਜ਼ਾਦੀ ਦਿਵਾਈ, ਉਸ ਦਾ ਦਾਇਰਾ ਬਹੁਤ ਹੀ ਵਿਆਪਕ ਸੀ, ਉਸ ਵਿੱਚ ਬਹੁਤ ਵੰਨ ਸੁਵੰਨਤਾ ਵੀ ਸੀ। ਉਸ ਵਿੱਚ ਔਰਤਾਂ ਵੀ ਸ਼ਾਮਲ ਸਨ ਅਤੇ ਮਰਦ ਵੀ, ਜੋ ਦੇਸ਼ ਦੇ ਵੱਖ ਵੱਖ ਖੇਤਰਾਂ ਅਤੇ ਵੱਖ ਵੱਖ ਸਿਆਸੀ ਅਤੇ ਸਮਾਜਿਕ ਵਿਚਾਰਧਾਰਾਵਾਂ ਦੀ ਨੁਮਾਇੰਦਗੀ ਕਰਦੇ ਸਨ।

 

ਅੱਜ ਦੇਸ਼ ਲਈ ਆਪਣੇ ਜੀਵਨ ਦਾ ਬਲੀਦਾਨ ਕਰ ਦੇਣ ਵਾਲੇ ਅਜਿਹੇ ਬਹਾਦੁਰ ਅਜ਼ਾਦੀ ਘੁਲਾਟੀਆਂ ਤੋ ਪ੍ਰੇਰਨਾ ਲੈ ਕੇ ਅੱਗੇ ਵਧਣ ਦਾ ਸਮਾਂ ਹੈ। ਅੱਜ ਦੇਸ਼ ਲਈ ਕੁਝ ਕਰ ਗੁਜ਼ਰਨ ਦੀ ਉਸੇ ਭਾਵਨਾ ਨਾਲ ਰਾਸ਼ਟਰ ਨਿਰਮਾਣ ਵਿੱਚ ਲਗਾਤਾਰ ਜੁਟੇ ਰਹਿਣ ਦਾ ਸਮਾਂ ਹੈ।

 

ਨੈਤਿਕਤਾ ਉੱਤੇ ਅਧਾਰਿਤ ਨੀਤੀਆਂ ਅਤੇ ਯੋਜਨਾਵਾਂ ਨੂੰ ਲਾਗੂ ਕਰਨ ਉੱਤੇ ਉਨ੍ਹਾਂ ਦਾ ਜ਼ੋਰ, ਏਕਤਾ ਅਤੇ ਅਨੁਸ਼ਾਸਨ ਵਿੱਚ ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ, ਵਿਰਸੇ ਅਤੇ ਵਿਗਿਆਨ ਦੇ ਤਾਲਮੇਲ ਵਿੱਚ ਉਨ੍ਹਾਂ ਦਾ ਭਰੋਸਾ, ਕਾਨੂੰਨ ਅਨੁਸਾਰ ਸ਼ਾਸਨ ਅਤੇ ਸਿੱਖਿਆ ਨੂੰ ਉਤਸ਼ਾਹ, ਇਨ੍ਹਾਂ ਸਭ ਦੇ ਪਿੱਛੇ ਨਾਗਰਿਕਾਂ ਅਤੇ ਸਰਕਾਰ ਦਰਮਿਆਨ ਭਾਈਵਾਲੀ ਦੀ ਧਾਰਨਾ ਸੀ।

 

ਇਹੀ ਸਾਂਝੇਦਾਰੀ ਸਾਡੇ ਰਾਸ਼ਟਰ ਨਿਰਮਾਣ ਦਾ ਅਧਾਰ ਰਹੀ ਹੈ - ਨਾਗਰਿਕਾਂ ਅਤੇ ਸਰਕਾਰ ਦਰਮਿਆਨ ਭਾਈਵਾਲੀ, ਵਿਅਕਤੀ ਅਤੇ ਸਮਾਜ ਦਰਮਿਆਨ ਭਾਈਵਾਲੀ, ਪਰਿਵਾਰ ਅਤੇ ਇੱਕ ਵੱਡੇ ਭਾਈਚਾਰੇ ਦਰਮਿਆਨ ਭਾਈਵਾਲੀ।

 

ਮੇਰੇ ਪਿਆਰੇ ਦੇਸ਼ ਵਾਸੀਓ,

 

ਆਪਣੇ ਬਚਪਨ ਵਿੱਚ ਵੇਖੀ ਗਈ ਪਿੰਡਾਂ ਦੀ ਇੱਕ  ਪਰੰਪਰਾ ਮੈਨੂੰ ਅੱਜ ਵੀ ਯਾਦ ਹੈ। ਜਦੋਂ ਕਿਸੇ ਪਰਿਵਾਰ ਵਿੱਚ ਬੇਟੀ ਦਾ ਵਿਆਹ ਹੁੰਦਾ ਸੀ ਤਾਂ ਪਿੰਡ ਦਾ ਹਰ ਪਰਿਵਾਰ ਆਪਣੀ ਆਪਣੀ ਜ਼ਿੰਮੇਵਾਰੀ ਵੰਡ ਲੈਂਦਾ ਸੀ ਅਤੇ ਸਹਿਯੋਗ ਕਰਦਾ ਸੀ। ਜਾਤੀ ਜਾਂ ਫਿਰਕਾ ਕੋਈ ਵੀ ਹੋਵੇ, ਉਹ ਬੇਟੀ ਉਸ ਵੇਲੇ ਸਿਰਫ ਉਸ ਪਰਿਵਾਰ ਦੀ ਬੇਟੀ ਨਹੀਂ ਸਗੋਂ ਪੂਰੇ ਪਿੰਡ ਦੀ ਬੇਟੀ ਹੁੰਦੀ ਸੀ।

 

ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਦੀ ਦੇਖਭਾਲ, ਵਿਆਹ ਦੇ ਵੱਖ-ਵੱਖ ਕੰਮਾਂ ਦੀ ਜ਼ਿੰਮੇਵਾਰੀ, ਇਹ ਸਭ ਗਵਾਂਢੀ ਅਤੇ ਪਿੰਡ ਦੇ ਸਾਰੇ ਲੋਕ ਆਪਸ ਵਿੱਚ ਤੈਅ ਕਰ ਲੈਂਦੇ ਸਨ। ਹਰ ਪਰਿਵਾਰ ਕੋਈ ਨਾ ਕੋਈ ਮਦਦ ਜ਼ਰੂਰ ਕਰਦਾ ਸੀ। ਕੋਈ ਪਰਿਵਾਰ ਵਿਆਹ ਲਈ ਅਨਾਜ ਭੇਜਦਾ ਸੀ, ਕੋਈ ਸਬਜ਼ੀਆਂ ਭੇਜਦਾ ਸੀ ਅਤੇ ਕੋਈ ਤੀਜਾ ਪਰਿਵਾਰ ਲੋੜ ਦੀਆਂ ਹੋਰ ਚੀਜ਼ਾਂ ਨਾਲ ਪਹੁੰਚ ਜਾਂਦਾ ਸੀ।

 

ਉਸ ਸਮੇਂ ਪੂਰੇ ਪਿੰਡ ਵਿੱਚ ਆਪਣੇਪਨ ਦਾ ਭਾਵ ਹੁੰਦਾ ਸੀ, ਸਾਂਝੇਦਾਰੀ ਦਾ ਭਾਵ ਹੁੰਦਾ ਸੀ, ਇੱਕ ਦੂਜੇ ਦੀ ਸਹਾਇਤਾ ਕਰਨ ਦਾ ਭਾਵ ਹੁੰਦਾ ਸੀ। ਜੇ ਤੁਸੀਂ ਲੋੜ ਸਮੇਂ ਆਪਣੇ ਗੁਆਂਢੀਆਂ ਦੀ ਮਦਦ ਕਰੋਗੇ ਤਾਂ ਸੁਭਾਵਕ ਹੈ ਕਿ ਉਹ ਵੀ ਤੁਹਾਡੀ ਲੋੜ ਸਮੇਂ ਮਦਦ ਲਈ ਅੱਗੇ ਆਉਣਗੇ।

 

ਲੇਕਿਨ ਅੱਜ, ਵੱਡੇ ਸ਼ਹਿਰਾਂ ਵਿੱਚ ਸਥਿਤੀ ਬਿਲਕੁਲ ਵੱਖਰੀ ਹੈ। ਬਹੁਤ ਸਾਰੇ ਲੋਕਾਂ ਨੂੰ ਸਾਲਾਂ ਤੱਕ ਇਹ ਵੀ ਨਹੀਂ ਪਤਾ ਲਗਦਾ ਕਿ ਉਨ੍ਹਾਂ ਦੇ ਗੁਆਂਢ ਵਿੱਚ ਕੌਣ ਰਹਿੰਦਾ ਹੈ। ਇਸ ਲਈ ਪਿੰਡ ਹੋਵੇ ਜਾਂ ਸ਼ਹਿਰ, ਅੱਜ ਸਮਾਜ ਵਿੱਚ ਉਸੇ ਆਪਣੇਪਨ ਅਤੇ ਭਾਈਵਾਲੀ ਦੀ ਭਾਵਨਾ ਨੂੰ ਮੁੜ ਜਗਾਉਣ ਦੀ ਲੋੜ ਹੈ। ਇਸ ਨਾਲ ਸਾਨੂੰ ਇੱਕ ਦੂਜੇ ਦੀਆਂ ਭਾਵਨਾਵਾਂ ਸਮਝਣ ਅਤੇ ਉਨ੍ਹਾਂ ਦਾ ਸਨਮਾਨ ਕਰਨ ਵਿੱਚ ਅਤੇ ਇੱਕ ਸੰਤੁਲਿਤ, ਸੰਵੇਦਨਸ਼ੀਲ ਅਤੇ ਸੁਖੀ ਸਮਾਜ ਦਾ ਨਿਰਮਾਣ ਕਰਨ ਵਿੱਚ ਮਦਦ ਮਿਲੇਗੀ।

 

ਅੱਜ ਵੀ ਇੱਕ ਦੂਜੇ ਦੇ ਵਿਚਾਰਾਂ ਦਾ ਸਨਮਾਨ ਕਰਨ ਦਾ ਭਾਵ, ਸਮਾਜ ਦੀ ਸੇਵਾ ਦਾ ਭਾਵ, ਅਤੇ ਖੁਦ ਅੱਗੇ ਵਧ ਕੇ ਦੂਸਰਿਆਂ ਦੀ ਮਦਦ ਕਰਨ ਦਾ ਭਾਵ, ਸਾਡੀ ਰਗ ਰਗ ਵਿੱਚ ਵਸਿਆ ਹੋਇਆ ਹੈ। ਕਈ ਵਿਅਕਤੀ ਅਤੇ ਸੰਗਠਨ, ਗਰੀਬਾਂ ਅਤੇ ਵਾਂਝਿਆਂ ਲਈ ਚੁੱਪਚਾਪ ਅਤੇ ਪੂਰੀ ਲਗਨ ਨਾਲ ਕੰਮ ਕਰ ਰਹੇ ਹਨ।

 

ਇਨ੍ਹਾਂ ਵਿੱਚੋਂ ਕੋਈ ਬੇਸਹਾਰਾ ਬੱਚਿਆਂ ਲਈ ਸਕੂਲ ਚਲਾ ਰਿਹਾ ਹੈ, ਕੋਈ ਬੇਵੱਸ ਪਸ਼ੂ ਪੰਛੀਆਂ ਦੀ ਸੇਵਾ ਵਿੱਚ ਲੱਗਾ ਹੋਇਆ ਹੈ, ਕੋਈ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਆਦਿਵਾਸੀਆਂ ਤੱਕ ਪਾਣੀ ਪਹੁੰਚਾ ਰਿਹਾ ਹੈ, ਕੋਈ ਨਦੀਆਂ ਅਤੇ ਜਨਤਕ ਸਥਾਨਾਂ ਦੀ ਸਫ਼ਾਈ ਵਿੱਚ ਲੱਗਾ ਹੋਇਆ ਹੈ। ਆਪਣੀ ਹੀ ਧੁਨ ਵਿੱਚ ਮਗਨ ਇਹ ਸਾਰੇ ਰਾਸ਼ਟਰ ਨਿਰਮਾਣ ਵਿੱਚ ਲੱਗੇ ਹੋਏ ਹਨ। ਸਾਨੂੰ ਇਨ੍ਹਾਂ ਸਾਰਿਆਂ ਤੋਂ  ਪ੍ਰੇਰਨਾ ਲੈਣੀ ਚਾਹੀਦੀ ਹੈ।

 

ਰਾਸ਼ਟਰ ਨਿਰਮਾਣ ਲਈ ਅਜਿਹੇ ਲਗਨਸ਼ੀਲ ਲੋਕਾਂ ਨਾਲ ਸਭ ਨੂੰ ਜੁੜਨਾ ਚਾਹੀਦਾ ਹੈ, ਨਾਲ ਹੀ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਲਾਭ ਹਰ ਤਬਕੇ ਤੱਕ ਪਹੁੰਚੇ ਇਸ ਦੇ ਲਈ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਇਸ ਦੇ ਲਈ ਨਾਗਰਿਕਾਂ ਅਤੇ ਸਰਕਾਰ ਦਰਮਿਆਨ ਸਾਂਝੇਦਾਰੀ ਅਹਿਮ ਹੈ:

 

- ਸਰਕਾਰ ਨੇ 'ਸਵੱਛ ਭਾਰਤ' ਮੁਹਿੰਮ ਸ਼ੁਰੂ ਕੀਤੀ ਹੈ ਪਰ ਭਾਰਤ ਨੂੰ ਸਵੱਛ ਬਣਾਉਣਾ - ਸਾਡੇ ਵਿਚੋਂ ਹਰ ਇੱਕ ਦੀ ਜ਼ਿੰਮੇਵਾਰੀ ਹੈ।

 

— ਸਰਕਾਰ ਪਖ਼ਾਨੇ ਬਣਾ ਰਹੀ ਹੈ ਅਤੇ ਪਖ਼ਾਨਿਆਂ ਦੇ  ਨਿਰਮਾਣ ਨੂੰ ਉਤਸ਼ਾਹ ਦੇ ਰਹੀ ਹੈ ਪਰ ਇਨ੍ਹਾਂ ਪਖ਼ਾਨਿਆਂ ਦੀ ਵਰਤੋਂ ਕਰਨਾ ਅਤੇ ਦੇਸ਼ ਨੂੰ 'ਖੁਲ੍ਹੇ ਵਿੱਚ ਪਖਾਨੇ ਤੋਂ ਮੁਕਤ' ਕਰਵਾਉਣਾ - ਸਾਡੇ ਵਿੱਚੋਂ ਹਰ ਕਿਸੇ ਦੀ ਜ਼ਿੰਮੇਵਾਰੀ ਹੈ।

 

— ਸਰਕਾਰ ਦੇਸ਼ ਦੇ ਸੰਚਾਰ ਢਾਂਚੇ ਨੂੰ ਮਜ਼ਬੂਤ ਬਣਾ ਰਹੀ ਹੈ,ਪਰ ਇੰਟਰਨੈੱਟ ਦੀ ਸਹੀ ਉਦੇਸ਼ ਲਈ ਵਰਤੋਂ ਕਰਨਾ, ਗਿਆਨ ਦੇ  ਪੱਧਰ ਵਿੱਚ ਨਾ-ਬਰਾਬਰੀ ਨੂੰ ਖਤਮ ਕਰਨਾ, ਵਿਕਾਸ ਦੇ ਨਵੇਂ ਮੌਕੇ ਪੈਦਾ ਕਰਨਾ, ਸਿੱਖਿਆ ਅਤੇ ਸੂਚਨਾ ਦੀ ਪਹੁੰਚ ਵਧਾਉਣਾ - ਸਾਡੇ ਵਿੱਚੋਂ ਹਰ ਕਿਸੇ ਦੀ ਜ਼ਿੰਮੇਵਾਰੀ ਹੈ।

 

— ਸਰਕਾਰ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਤਾਕਤ ਦੇ ਰਹੀ ਹੈ। ਪਰ ਇਹ ਯਕੀਨੀ ਬਣਾਉਣਾ ਕਿ ਸਾਡੀਆਂ ਬੇਟੀਆਂ ਨਾਲ ਵਿਤਕਰਾ ਨਾ ਹੋਵੇ ਅਤੇ ਉਹ ਬੇਹਤਰ ਸਿੱਖਿਆ ਪ੍ਰਾਪਤ ਕਰਨ — ਸਾਡੇ ਵਿੱਚੋਂ ਹਰ ਕਿਸੇ ਦੀ ਜ਼ਿੰਮੇਵਾਰੀ ਹੈ।

 

— ਸਰਕਾਰ ਕਾਨੂੰਨ ਬਣਾ ਸਕਦੀ ਹੈ ਅਤੇ ਕਾਨੂੰਨ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰ ਸਕਦੀ ਹੈ - ਪਰ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕਾਂ ਬਣਨਾ, ਕਾਨੂੰਨ ਦੀ ਪਾਲਣਾ ਵਾਲੇ ਸਮਾਜ  ਦਾ ਨਿਰਮਾਣ ਕਰਨਾ — ਸਾਡੇ ਵਿੱਚੋਂ ਹਰ ਕਿਸੇ ਦੀ  ਜ਼ਿੰਮੇਵਾਰੀ ਹੈ।

 

— ਸਰਕਾਰ ਪਾਰਦਰਸ਼ਤਾ ਉੱਤੇ ਜ਼ੋਰ ਦੇ ਰਹੀ ਹੈ, ਸਰਕਾਰ ਨਿਯੁਕਤੀਆਂ ਅਤੇ ਸਰਕਾਰੀ ਖਰੀਦ ਵਿੱਚ ਭ੍ਰਿਸ਼ਟਾਚਾਰ ਖਤਮ ਕਰ ਰਹੀ ਹੈ, ਪਰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆਪਣੇ ਮਨ ਨੂੰ ਸਾਫ ਰੱਖਦੇ ਹੋਏ ਕੰਮ ਕਰਨਾ, ਕਾਰਜ ਸੰਸਕ੍ਰਿਤੀ ਨੂੰ ਪਵਿੱਤਰ ਬਣਾਈ ਰੱਖਣਾ — ਸਾਡੇ ਵਿੱਚੋਂ ਹਰ ਕਿਸੇ ਦੀ ਜ਼ਿੰਮੇਵਾਰੀ ਹੈ।

 

—ਸਰਕਾਰ ਨੇ ਟੈਕਸ ਪ੍ਰਣਾਲੀ ਨੂੰ ਅਸਾਨ ਬਣਾਉਣ ਲਈ ਜੀਐੱਸਟੀ ਲਾਗੂ ਕੀਤਾ ਹੈ, ਪ੍ਰਕਿਰਿਆ ਨੂੰ ਅਸਾਨ ਬਣਾਇਆ ਹੈ, ਪਰ ਇਸ ਨੂੰ ਆਪਣੇ ਹਰ ਕੰਮਕਾਜ ਅਤੇ ਲੈਣ ਦੇਣ ਵਿੱਚ ਸ਼ਾਮਿਲ ਕਰਨਾ ਅਤੇ ਟੈਕਸ ਦੇਣ ਵਿੱਚ ਮਾਣ ਮਹਿਸੂਸ ਕਰਨ ਦੀ ਭਾਵਨਾ ਨੂੰ ਪ੍ਰਸਾਰਿਤ ਕਰਨਾ — ਸਾਡੇ ਵਿੱਚੋਂ ਹਰ ਇਕ ਦੀ ਜ਼ਿੰਮੇਵਾਰੀ ਹੈ।

 

ਮੈਨੂੰ ਖੁਸ਼ੀ ਹੈ ਕਿ ਦੇਸ਼ ਦੀ ਜਨਤਾ ਨੇ ਜੀ ਐੱਸ ਟੀ ਨੂੰ ਬੜੀ ਖੁਸ਼ੀ ਨਾਲ ਸਵੀਕਾਰ ਕੀਤਾ ਹੈ। ਸਰਕਾਰ ਨੂੰ ਜੋ ਵੀ ਮਾਲੀਆ ਮਿਲਦਾ ਹੈ,. ਉਸ ਦੀ ਵਰਤੋਂ ਰਾਸ਼ਟਰ ਨਿਰਮਾਣ ਦੇ ਕੰਮ ਵਿੱਚ ਹੁੰਦੀ ਹੈ। ਇਸ ਨਾਲ ਕਿਸੇ ਗ਼ਰੀਬ ਅਤੇ ਪਿੱਛੜੇ ਨੂੰ ਮਦਦ ਮਿਲਦੀ ਹੈ, ਪਿੰਡਾਂ ਅਤੇ ਸ਼ਹਿਰਾਂ ਵਿੱਚ ਬੁਨਿਆਦੀ ਸਹੂਲਤਾਂ ਦਾ ਨਿਰਮਾਣ ਹੁੰਦਾ ਹੈ, ਅਤੇ ਸਾਡੇ ਦੇਸ਼ ਦੀਆਂ ਸਰਹੱਦਾਂ ਮਜ਼ਬੂਤ ਹੰਦੀਆਂ ਹਨ।

 

ਪਿਆਰੇ ਦੇਸ਼ ਵਾਸੀਓ,

 

ਸੰਨ 2022 ਵਿੱਚ ਸਾਡਾ ਦੇਸ਼ ਆਪਣੀ ਅਜ਼ਾਦੀ ਦੇ 75 ਸਾਲ ਪੂਰੇ ਕਰੇਗਾ। ਤੱਦ ਤਕ 'ਨਿਊ ਇੰਡੀਆ' ਲਈ ਕੁਝ ਅਹਿਮ ਟੀਚਿਆਂ ਨੂੰ ਪੂਰਾ ਕਰਨ ਦਾ ਸਾਡਾ 'ਰਾਸ਼ਟਰੀ ਸੰਕਲਪ' ਹੈ।

 

ਜਦੋਂ ਤੱਕ ਅਸੀਂ 'ਨਿਊ ਇੰਡੀਆ' ਦੀ ਗੱਲ ਕਰਦੇ ਹਾਂ ਤਾਂ ਸਾਡੇ ਸਭ ਲਈ ਇਸ ਦਾ ਕੀ ਅਰਥ ਹੁੰਦਾ ਹੈ? ਕੁਝ ਤਾਂ ਬੜੇ ਹੀ ਸਪਸ਼ਟ ਮਾਪਦੰਡ ਹਨ ਜਿਵੇਂ-ਹਰ ਪਰਿਵਾਰ ਲਈ ਘਰ, ਮੰਗ ਅਨੁਸਾਰ ਬਿਜਲੀ, ਬਿਹਤਰ ਸੜਕਾਂ ਅਤੇ ਸੰਚਾਰ ਦੇ ਮਾਧਿਅਮ, ਆਧੁਨਿਕ ਰੇਲ ਨੈੱਟਵਰਕ, ਤੇਲ ਅਤੇ ਲਗਾਤਾਰ ਵਿਕਾਸ ।

 

ਲੇਕਿਨ ਏਨਾ ਹੀ ਕਾਫੀ ਨਹੀਂ ਹੈ। ਇਹ ਵੀ ਜ਼ਰੂਰੀ ਹੈ ਕਿ 'ਨਿਊ ਇੰਡੀਆ' ਸਾਡੇ ਡੀ ਐਨ ਏ ਵਿੱਚ ਰਚੇ ਵਸੇ, ਸਮੁੱਚੀਆਂ ਮਨੁੱਖਤਾਵਾਦੀ ਕਦਰਾਂ ਕੀਮਤਾਂ ਨੂੰ ਸ਼ਾਮਲ ਕਰੇ। ਇਹ ਮਨੁੱਖਤਾਵਾਦੀ ਕਦਰਾਂ ਕੀਮਤਾਂ ਸਾਡੇ ਦੇਸ਼ ਦੇ ਸੱਭਿਆਚਾਰ ਦੀ ਪਛਾਣ ਹਨ। ਇਹ 'ਨਿਊ ਇੰਡੀਆ' ਇੱਕ ਅਜਿਹਾ ਸਮਾਜ ਹੋਣਾ ਚਾਹੀਦਾ ਹੈ ਜੋ ਭਵਿੱਖ ਵੱਲ ਤੇਜ਼ੀ ਨਾਲ ਵਧਣ ਦੇ ਨਾਲ ਨਾਲ, ਸੰਵੇਦਨਸ਼ੀਲ ਵੀ ਹੋਵੇ —

 

— ਇੱਕ ਅਜਿਹਾ ਸੰਵੇਦਨਸ਼ੀਲ ਸਮਾਜ ਜਿਥੇ ਰਵਾਇਤੀ ਤੌਰ ਤੇ ਵਾਂਝੇ ਲੋਕ, ਭਾਵੇਂ ਉਹ ਅਨੁਸੂਚਿਤ ਜਾਤੀ ਦੇ ਹੋਣ, ਜਨ ਜਾਤੀ ਦੇ ਹੋਣ ਜਾਂ ਪਿੱਛੜੇ ਵਰਗ ਦੇ ਹੋਣ,ਦੇਸ਼ ਦੇ ਵਿਕਾਸ ਅਮਲ ਵਿੱਚ ਭਾਈਵਾਲ ਬਣਨ।

 

 

 

 

—ਇੱਕ ਅਜਿਹਾ ਸੰਵੇਦਨਸ਼ੀਲ ਸਮਾਜ ਜੋ ਕਿ ਸਾਰੇ ਲੋਕਾਂ ਨੂੰ ਆਪਣੇ ਭੈਣ-ਭਰਾਵਾਂ ਦੀ ਤਰ੍ਹਾਂ ਗੱਲਵੱਕੜੀ ਪਾਵੇ, ਜੋ ਦੇਸ਼ ਦੇ ਸਰਹੱਦੀ ਖੇਤਰ ਵਿੱਚ ਰਹਿੰਦੇ ਹਨ ਅਤੇ ਕਦੇ-ਕਦੇ ਖ਼ੁਦ ਨੂੰ ਦੇਸ਼ ਤੋਂ ਵੱਖਰਾ ਹੋਇਆ ਮਹਿਸੂਸ ਕਰਦੇ ਹਨ।

—ਇੱਕ ਅਜਿਹਾ ਸੰਵੇਦਨਸ਼ੀਲ ਸਮਾਜ, ਜਿੱਥੇ ਲੋੜਵੰਦ ਬੱਚੇ,ਬਜ਼ੁਰਗ ਅਤੇ ਬਿਮਾਰ ਸੀਨੀਅਰ ਨਾਗਰਿਕ ਅਤੇ ਗਰੀਬ ਲੋਕ, ਹਮੇਸ਼ਾ ਆਪਣੇ ਵਿਚਾਰਾਂ ਦੇ ਖੇਤਰ ਵਿੱਚ ਹੀ ਰਹੇ। ਆਪਣੇ ਦਿੱਵਿਆਂਗ ਭਰਾਵਾਂ-ਭੈਣਾਂ ਉੱਤੇ ਅਸੀਂ ਖਾਸ ਧਿਆਨ ਦੇਣਾ ਹੈ ਅਤੇ ਇਹ ਦੇਖਣਾ ਹੈ ਕਿ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਹੋਰ ਨਾਗਰਿਕਾਂ ਦੀ ਤਰ੍ਹਾਂ ਅੱਗੇ ਵਧਣ ਦਾ ਵੱਧ ਤੋਂ ਵੱਧ ਮੌਕਾ ਮਿਲੇ।

—ਇੱਕ ਅਜਿਹਾ ਸੰਵੇਦਨਸ਼ੀਲ ਅਤੇ ਸਮਾਨਤਾ ਉੱਤੇ ਅਧਾਰਿਤ ਸਮਾਜ,ਜਿੱਥੇ ਬੇਟਾ ਅਤੇ ਬੇਟੀ ਵਿੱਚ ਕੋਈ ਭੇਦਭਾਵ ਨਾ ਹੋਵੇ,ਧਰਮ ਦੇ ਅਧਾਰ ਉੱਤੇ ਕੋਈ ਭੇਦਭਾਵ ਨਾ ਹੋਵੇ।

—ਇੱਕ ਅਜਿਹਾ ਸੰਵੇਦਨਸ਼ੀਲ ਸਮਾਜ ਜੋ ਮਨੁੱਖੀ ਸੰਸਾਧਨ ਰੂਪੀ ਸਾਡੀ ਪੂੰਜੀ ਨੂੰ ਖ਼ੁਸ਼ਹਾਲ ਕਰੇ, ਜੋ ਗਲੋਬਲ ਪੱਧਰ ਉੱਤੇ ਸਿੱਖਿਆ ਸੰਸਥਾਵਾਂ ਵਿੱਚੋਂ ਵੱਧ-ਤੋਂ-ਵੱਧ  ਨੌਜਵਾਨਾਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਦਿੰਦੇ ਹੋਏ ਉਨ੍ਹਾਂ ਨੂੰ ਸਮਰੱਥ ਬਣਾਏ, ਅਤੇ ਬਿਹਤਰ ਸਿਹਤ ਸੁਵਿਧਾਵਾਂ ਅਤੇ ਕੁਪੋਸ਼ਣ ਇੱਕ ਚੁਣੌਤੀ ਦੇ ਰੂਪ ਵਿੱਚ ਨਾ ਰਹਿਣ।

ਨਿਊ ਇਡੀਆ ਦਾ ਅਰਥ ਹੈ ਕਿ ਅਸੀਂ ਜਿੱਥੇ ਖੜੇ ਹਾਂ ਉੱਥੇ ਤੋਂ ਅੱਗੇ ਵੱਧੀਏ ਤਾਂ ਹੀ ਅਸੀਂ ‘ ਨਿਊ ਇਡੀਆ’ ਦਾ ਨਿਰਮਾਣ ਕਰ ਸਕਾਂਗੇ ਜਿਸ ਉੱਤੇ ਅਸੀਂ ਸਾਰੇ ਮਾਣ ਕਰ ਸਕੀਏ। ਅਜਿਹਾ ‘ ਨਿਊ ਇਡੀਆ’ ਜਿੱਥੇ ਹਰੇਕ ਭਾਰਤੀ ਆਪਣੀ ਸਮਰੱਥਾਵਾਂ ਦਾ ਉਪਯੋਗ ਕਰਨ ਵਿੱਚ ਇਸ ਤਰ੍ਹਾਂ ਸਮੱਰਥ ਹੋ ਸਕੇ ਕਿ ਹਰ ਭਾਰਤੀ ਸੁਖੀ ਰਹੇ। ਅਜਿਹਾ ਇੱਕ ‘ ਨਿਊ ਇਡੀਆਂ’ ਬਣੇ ਜਿੱਥੇ ਹਰ ਵਿਅਕਤੀ ਦੀ ਪੂਰੀ ਸਮਰੱਥਾ ਉਜਾਗਰ ਹੋ ਸਕੇ ਅਤੇ ਉਹ ਸਮਾਜ ਅਤੇ ਰਾਸ਼ਟਰ ਲਈ ਆਪਣਾ ਯੋਗਦਾਨ ਦੇ ਸਕੇ।

ਮੈਨੂੰ ਪੂਰਾ ਭਰੋਸਾ ਹੈ ਕਿ ਨਾਗਰਿਕਾਂ ਅਤੇ ਸਰਕਾਰ ਵਿਚਲੀ ਮਜ਼ਬੂਤ ਸਾਂਝੇਦਾਰੀ ਦੇ ਬਲ ਉੱਤੇ ‘ ਨਿਊ ਇਡੀਆਂ’ ਇਨ੍ਹਾਂ ਟੀਚਿਆਂ ਨੂੰ ਜ਼ਰੂਰ ਪ੍ਰਾਪਤ ਕਰ ਲਵੇਗਾ।

ਨੋਟਬੰਦੀ ਦੇ ਸਮੇਂ ਜਿਸ ਤਰ੍ਹਾਂ ਆਪਣੇ ਬੇਅੰਤ ਧੀਰਜ ਸਦਕਾ ਕਾਲੇਧਨ ਅਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਕਾਰਵਾਈ ਦਾ ਸਮਰਥਨ ਕੀਤਾ, ਉਹ ਇੱਕ ਜਿੰਮੇਵਾਰ ਅਤੇ ਸੰਵੇਦਨਸ਼ੀਲ ਸਮਾਜ ਦਾ ਪ੍ਰਤੀਬਿੰਬ ਹੈ। ਨੋਟਬੰਦੀ ਦੇ ਬਾਅਦ ਦੇਸ਼ ਵਿੱਚ ਇਮਾਮਦਾਰੀ ਦੇ ਰੁਝਾਨ ਨੂੰ ਹੁਲਾਰਾ ਮਿਲਿਆ ਹੈ। ਇਮਾਮਦਾਰੀ ਦੀ ਭਾਵਨਾ ਦਿਨ ਪ੍ਰਤੀਦਿਨ ਮਜਬੂਤ ਹੋਵੇ, ਇਸ ਲਈ ਅਸੀਂ ਲਗਾਤਾਰ ਯਤਨ ਕਰਦੇ ਰਹਿਣਾ ਹੋਵਗਾ।

ਮੇਰੇ ਪਿਆਰੇ ਦੇਸ਼ ਵਾਸੀਓ,

                            ਆਧੁਨਿਕ ਟੈਕਨੋਲੋਜੀ ਨੂੰ ਵੱਧ-ਤੋਂ-ਵੱਧ ਵਰਤੋਂ  ਵਿੱਚ ਲਿਆਉਣ ਦੀ ਜ਼ਰੂਰਤ ਹੈ। ਸਾਨੂੰ ਆਪਣੇ ਦੇਸ਼ ਵਾਸੀਆਂ ਨੂੰ ਸਮਰੱਥ ਬਣਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰਨੀ ਹੀ ਹੋਵੇਗੀ ਤਾਂਕਿ ਇੱਕ ਹੀ ਪੀੜੀ ਦੇ ਦੌਰਾਨ ਗ਼ਰੀਬੀ ਨੂੰ ਮਿਟਾਉਣ ਦਾ ਟੀਚਾ  ਪ੍ਰਾਪਤ ਕੀਤਾ ਜਾ ਸਕੇ। ‘ਨਿਊ ਇਡੀਆ’ ਵਿੱਚ ਗ਼ਰੀਬੀ ਦੀ ਕੋਈ ਗੁਜ਼ਾਇਸ਼ ਨਹੀਂ ਹੈ।

ਅੱਜ ਪੂਰੀ ਦੁਨੀਆ  ਭਾਰਤ ਨੂੰ ਸਨਮਾਨ ਨਾਲ ਦੇਖਦੀ ਹੈ। ਜਲਵਾਯੂ ਪਰਿਵਰਤਨ ,ਕੁਦਰਤੀ ਆਫ਼ਤਾਂ, ਆਪਸੀ  ਟਕਰਾਅ, ਮਨੁੱਖੀ ਸੰਕਟ ਅਤੇ ਆਤੰਕਵਾਦ ਵਰਗੀਆਂ ਕਈ ਅੰਤਰਰਾਸ਼ਟਰੀ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ਵ ਪੱਧਰ ਉੱਤੇ ਭਾਰਤ ਮੁੱਖ ਭੂਮਿਕਾ ਨਿਭਾ ਰਿਹਾ ਹੈ।

ਵਿਸ਼ਵ ਸਮੁਦਾਇ ਦੀ ਦ੍ਰਿਸ਼ਟੀ ਵਿੱਚ ਭਾਰਤ ਦੇ ਸਨਮਾਨ ਨੂੰ ਹੋਰ ਵਧਾਉਣ ਦਾ ਮੌਕਾ ਹੈ-ਸਾਲ 2020 ਵਿੱਚ ਟੋਕੀU ਵਿੱਚ ਹੋਣ ਵਾਲੇ ਉਲੰਪਿਕ ਖੇਡਾਂ ਵਿੱਚ ਭਾਰਤ ਦੇ ਪ੍ਰਦਰਸ਼ਨ ਨੂੰ ਨੂੰ ਪ੍ਰਭਾਵਸ਼ਾਲੀ ਬਣਾਉਣਾ। ਹੁਣ ਤੋਂ ਲਗਭਗ ਤਿੰਨ ਸਾਲਾਂ ਵਿੱਚ ਹਾਸਲ ਕੀਤੇ ਜਾਣ ਵਾਲੇ ਇਸ ਉਦੇਸ਼ ਨੂੰ ਇੱਕ  ਰਾਸ਼ਟਰੀ ਮਿਸ਼ਨ ਦੇ ਵਜੋਂ ਲੈਣਾ ਚਾਹੀਦਾ ਹੈ। ਸਰਕਾਰਾਂ, ਖੇਡਾਂ ਨਾਲ ਜੁੜੀਆਂ ਸੰਸਥਾਵਾਂ ਅਤੇ ਪ੍ਰਸਿੱਧ ਉਦਯੋਗ ਇਕਜੁੱਟ ਹੋ ਕੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਅੱਗੇ ਲਿਆਉਣ, ਉਨ੍ਹਾਂ ਨੂੰ ਵਿਸ਼ਵ ਪੱਧਰ ਦੀਆਂ ਸੁਵਿਧਾਵਾਂ ਅਤੇ ਟਰੇਨਿੰਗ ਉਪਲੱਬਧ ਕਰਾਉਣ ਵਿੱਚ ਇਸ ਤਰ੍ਹਾਂ ਨਾਲ ਲੱਗ ਜਾਣ ਜਿਸ ਨਾਲ ਖਿਡਾਰੀਆਂ ਨੂੰ ਵੱਧ-ਤੋਂ-ਵੱਧ ਸਫ਼ਲਤਾ ਮਿਲ ਸਕੇ।

ਭਾਵੇਂ ਅਸੀਂ ਦੇਸ਼ ਵਿੱਚ ਰਹੀਏ ਜਾਂ ਵਿਦੇਸ਼  ਵਿੱਚ ਦੇਸ਼ ਦੇ ਨਾਗਰਿਕ ਅਤੇ ਭਾਰਤ ਦੀ ਸੰਤਾਨ ਹੋਣ ਦੇ ਨਾਤੇ, ਅਸੀਂ ਹਰ ਪਲ ਆਪਣੇ ਆਪ ਨਾਲ ਇਹ ਸਵਾਲ ਪੁੱਛਦੇ ਰਹਿਣਾ ਚਾਹੀਦਾ ਹੈ ਕਿ ਆਪਣੇ ਰਾਸ਼ਟਰ ਅਤੇ ਮਾਣ ਨੂੰ ਕਿਵੇਂ ਵਧਾ ਸਕਦੇ ਹਾਂ।

ਪਿਆਰੇ ਦੇਸ਼ ਵਾਸੀ,

ਆਪਣੇ ਪਰਿਵਾਰ ਬਾਰੇ ਸੋਚਣਾ ਸੁਭਾਵਿਕ ਹੈ ਪਰ ਨਾਲ-ਨਾਲ ਸਾਨੂੰ ਆਪਣੇ ਸਮੁੱਚੇ ਸਮਾਜ ਬਾਰੇ ਵੀ ਸੋਚਣਾ ਚਾਹੀਦਾ ਹੈ। ਸਾਨੂੰ ਆਪਣੀ ਅੰਤਰ-ਆਤਮਾ ਦੀ ਉਸ ਅਵਾਜ਼ ਉੱਪਰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਥੋੜ੍ਹਾ ਹੋਰ ਜ਼ਿਆਦਾ ਨਿਰਸਵਾਰਥ ਹੋਣ ਲਈ ਕਹਿੰਦੀ ਹੈlਕਰਤੱਵ ਪਾਲਣ ਤੋਂ ਕਿਤੇ ਅੱਗੇ ਵਧਦੇ ਹੋਏ ਸਾਨੂੰ ਹੋਰ ਜਿਆਦਾ ਕੁਝ ਕਰਨ ਲਈ ਬੁਲਾਉਂਦੀ ਹੈ। ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰਨ ਵਾਲੀ ਮਾਂ ਸਿਰਫ ਆਪਣਾ ਕਰਤੱਵ ਨਹੀਂ ਨਿਭਾਉਂਦੀ। ਉਹ ਵਿਲੱਖਣ ਸਮਰਪਣ ਅਤੇ ਲਗਨ ਦੀ ਇੱਕ ਅਜਿਹੀ ਉਦਾਹਰਣ ਪੇਸ਼ ਕਰਦੀ ਹੈ ਜਿਸ ਨੂੰ ਸ਼ਬਦਾਂ ਵਿੱਚ ਪ੍ਰਗਟ ਕਰਨਾ ਸੰਭਵ ਨਹੀਂ ਹੈ।

 ¨ ਤਪਦੇ ਹੋਏ ਮਾਰੂਥਲਾਂ ਅਤੇ ਠੰਢੇ ਪਹਾੜਾਂ ਦੀਆਂ ਉਚਾਈਆਂ ਉੱਤੇ ਸਾਡੀਆਂ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਸਾਡੇ ਸੈਨਿਕ ਸਿਰਫ ਆਪਣੇ ਕਰਤੱਵ ਦਾ ਹੀ ਪਾਲਣ ਨਹੀਂ ਕਰਦੇ-ਸਗੋਂ ਨਿਰਸਵਾਰਥ ਭਾਵਨਾ ਨਾਲ ਦੇਸ਼ ਦੀ ਸੇਵਾ ਕਰਦੇ ਹਨ।

 ¨ ਆਤੰਕਵਾਦ ਅਤੇ ਅਪਰਾਧ ਦਾ ਮੁਕਾਬਲਾ ਕਰਨ ਲਈ ਮੌਤ ਨੂੰ ਲਲਕਾਰਦੇ ਹੋਏ ਸਾਨੂੰ ਸੁਰੱਖਿਅਤ ਰੱਖਣ ਵਾਲੇ ਸਾਡੀ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਸਿਰਫ  ਆਪਣੇ ਕਰਤੱਵ ਦਾ ਹੀ ਪਾਲਣ ਨਹੀਂ ਕਰਦੇ-ਸਗੋਂ ਨਿਰਸਵਾਰਥ ਭਾਵਨਾ ਨਾਲ ਦੇਸ਼ ਦੀ ਸੇਵਾ ਕਰਦੇ ਹਨ।

 ¨ ਸਾਡੇ ਕਿਸਾਨ, ਦੇਸ਼ ਦੇ ਕਿਸੇ ਹੋਰ ਭਾਗ ਵਿੱਚ ਰਹਿਣ ਵਾਲੇ ਆਪਣੇ ਉਨ੍ਹਾਂ ਦੇਸ਼ ਵਾਸੀਆਂ ਦੇ ਪੇਟ ਭਰਨ ਲਈ,ਜਿਨ੍ਹਾਂ ਨੂੰ ਉਨ੍ਹਾਂ ਨੇ ਕਦੇ ਵੇਖਿਆ ਤੱਕ ਨਹੀਂ ਹੁੰਦਾ ਹੈ, ਬੇਹੱਦ ਮੁਸ਼ਕਿਲ ਹਾਲਾਤ ਵਿੱਚ ਸਖਤ ਮਿਹਨਤ ਕਰਦੇ ਹਨ। ਉਹ ਕਿਸਾਨ ਸਿਰਫ ਆਪਣਾ ਕੰਮ ਹੀ ਨਹੀਂ ਕਰਦੇ-ਸਗੋਂ ਨਿਰਸਵਾਰਥ ਭਾਵਨਾ ਨਾਲ ਦੇਸ਼ ਦੀ ਸੇਵਾ ਕਰਦੇ ਹਨ।

 ¨ ਕੁਦਰਤੀ ਆਫ਼ਤਾਂ ਦੇ ਬਾਅਦ ਰਾਹਤ ਅਤੇ ਬਚਾਅ ਦੇ ਕੰਮਾਂ ਵਿਚ ਦਿਨ-ਰਾਤ ਜੁਟੇ ਰਹਿਣ ਵਾਲੇ ਸੰਵੇਦਨਸ਼ੀਲ ਨਾਗਰਿਕ, ਸਵੈ-ਸੇਵੀ ਸੰਸਥਾਵਾਂ ਨਾਲ ਜੁੜੇ ਲੋਕ, ਸਰਕਾਰੀ ਏਜੰਸੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਕੇਵਲ ਆਪਣੀ ਜ਼ਿੰਮੇਦਾਰੀ ਨਹੀਂ ਨਿਭਾ ਰਹੇ ਹੁੰਦੇ- ਸਗੋਂ ਉਹ ਨਿਰਸਵਾਰਥ ਭਾਵਨਾ ਨਾਲ ਦੇਸ਼ ਦੀ ਸੇਵਾ ਕਰਦੇ ਹਨ।

     ਕੀ ਅਸੀਂ ਸਾਰੇ, ਦੇਸ਼ ਦੀ ਨਿਰਸਵਾਰਥ ਸੇਵਾ ਦੇ ਇਸ ਭਾਵ ਨੂੰ ਆਤਮਸਾਤ ਨਹੀਂ ਕਰ ਸਕਦੇ ? ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਹ ਜ਼ਰੂਰ ਕਰ ਸਕਦੇ ਹਾਂ, ਅਤੇ ਅਸੀਂ ਅਜਿਹਾ ਕੀਤਾ ਵੀ ਹੈ।

ਪ੍ਰਧਾਨ ਮੰਤਰੀ ਦੀ ਇੱਕ ਅਪੀਲ ਤੇ, ਇੱਕ ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੇ ਅਪਣੀ ਇੱਛਾ ਨਾਲ ਐੱਲ.ਪੀ.ਜੀ. ‘ ਤੇ ਮਿਲਣ ਵਾਲੀ ਸਬਸਿਡੀ ਛੱਡ ਦਿੱਤੀ। ਅਜਿਹਾ ਉਨ੍ਹਾਂ ਪਰਿਵਾਰਾਂ ਨੇ ਇਸ ਲਈ ਕੀਤਾ ਤਾਂ ਕਿ ਇੱਕ ਗ਼ਰੀਬ ਦੇ ਪਰਿਵਾਰ ਦੀ ਰਸੋਈ ਤੱਕ ਗੈਸ ਸਿਲੰਡਰ ਪਹੁੰਚ ਸਕੇ ਅਤੇ ਉਸ ਪਰਿਵਾਰ ਦੀਆਂ ਬਹੂ-ਬੇਟੀਆਂ ਮਿੱਟੀ ਦੇ ਚੁਲ੍ਹੇ ਦੇ ਧੂੰਏਂ ਤੋਂ ਹੋਣ ਵਾਲੀਆਂ ਅੱਖ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਬਚ ਸਕਣ। 

     ਮੈਂ ਸਬਸਿਡੀ ਦਾ ਤਿਆਗ ਕਰਨ ਵਾਲੇ ਅਜਿਹੇ ਪਰਿਵਾਰਾਂ ਨੂੰ ਨਮਨ ਕਰਦਾ ਹਾਂ। ਉਨ੍ਹਾਂ ਨੇ ਜੋ ਕੀਤਾ, ਉਹ ਕਿਸੇ ਕਾਨੂੰਨ ਜਾਂ ਸਰਕਾਰੀ ਹੁਕਮ ਦੀ ਪਾਲਣਾ ਨਹੀਂ ਸੀ। ਉਨ੍ਹਾਂ ਦੇ ਫੈਸਲੇ ਪਿੱਛੇ ਉਨ੍ਹਾਂ ਦੇ ਅੰਤਰਮਨ ਦੀ ਅਵਾਜ਼ ਸੀ।

ਸਾਨੂੰ ਅਜਿਹੇ ਪਰਿਵਾਰਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਸਾਡੇ ਵਿੱਚੋਂ ਹਰ ਇੱਕ ਨੂੰ ਸਮਾਜ ਵਿੱਚ ਯੋਗਦਾਨ ਕਰਨ ਦੇ ਤਰੀਕੇ ਖੋਜਣੇ ਚਾਹੀਦੇ ਹਨ। ਸਾਡੇ ਵਿੱਚੋਂ ਹਰ ਇੱਕ ਨੂੰ ਕੋਈ ਇੱਕ ਅਜਿਹਾ ਕੰਮ ਚੁਣਨਾ ਚਾਹੀਦਾ ਹੈ , ਜਿਸ ਨਾਲ ਕਿਸੇ ਗ਼ਰੀਬ ਦੀ ਜ਼ਿੰਦਗੀ ਵਿੱਚ ਬਦਲਾਅ ਆ ਸਕੇ।

     ਰਾਸ਼ਟਰ ਨਿਰਮਾਣ  ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣੀ ਭਾਵੀ ਪੀੜ੍ਹੀ ‘ਤੇ ਪੂਰਾ ਧਿਆਨ ਦੇਈਏ। ਆਰਥਿਕ ਜਾਂ ਸਮਾਜਿਕ ਸੀਮਾਵਾਂ  ਕਾਰਨ ਸਾਡਾ ਇੱਕ ਵੀ ਬੱਚਾ ਪਿੱਛੇ ਨਾ ਰਹਿ ਜਾਵੇ।    ਇਸ ਲਈ ਮੈਂ ਰਾਸ਼ਟਰ ਨਿਰਮਾਣ ਵਿੱਚ ਲੱਗੇ ਆਪ ਸਾਰੇ ਲੋਕਾਂ ਨੂੰ ਸਮਾਜ ਦੇ ਗ਼ਰੀਬ ਬੱਚਿਆਂ ਦੀ ਸਿੱਖਿਆ ਵਿੱਚ ਮਦਦ ਕਰਨ ਦੀ ਅਪੀਲ ਕਰਦਾ ਹਾ। ਆਪਣੇ ਬੱਚੇ ਦੇ ਨਾਲ ਹੀ, ਕਿਸੇ ਇੱਕ ਹੋਰ ਬੱਚੇ ਦੀ ਪੜ੍ਹਾਈ ਵਿੱਚ ਵੀ ਮਦਦ ਕਰੋ। ਇਹ ਮਦਦ ਕਿਸੇ ਬੱਚੇ ਦਾ ਸਕੂਲ ਵਿੱਚ ਦਾਖਲਾ ਕਰਵਾਉਣਾ ਹੋ ਸਕਦਾ ਹੈ, ਕਿਸੇ ਬੱਚੇ ਦੀ ਫੀਸ ਭਰਨੀ ਹੋ ਸਕਦੀ ਹੈ ਜਾਂ ਕਿਸੇ ਬੱਚੇ  ਲਈ ਕਿਤਾਬਾਂ ਖਰੀਦਣਾ ਹੋ ਸਕਦਾ ਹੈ। ਜ਼ਿਆਦਾ ਨਹੀਂ, ਸਿਰਫ ਇੱਕ ਬੱਚੇ  ਲਈ। ਸਮਾਜ ਦਾ ਹਰ ਵਿਅਕਤੀ ਨਿਰਸਵਾਰਥ ਭਾਵਨਾ ਤੋਂ ਅਜਿਹੇ ਕੰਮ ਕਰਕੇ ਰਾਸ਼ਟਰ ਨਿਰਮਾਣ ਵਿੱਚ ਆਪਣੀ ਭੂਮਿਕਾ ਰੇਖਾਂਕਿਤ ਕਰ ਸਕਦੇ ਹਨ।

     ਅੱਜ ਭਾਰਤ ਮਹਾਨ ਉਪਲੱਬਧੀਆਂ ਦੇ ਪ੍ਰਵੇਸ਼ ਦੁਆਰ ‘ਤੇ ਖੜ੍ਹਾ ਹੈ। ਅਗਲੇ ਕੁਝ ਵਰ੍ਹਿਆਂ ਵਿੱਚ, ਅਸੀਂ ਇੱਕ ਪੂਰਨ ਸਾਖਰ ਸਮਾਜ ਬਣ ਜਾਵਾਂਗੇ। ਸਾਨੂੰ ਸਿੱਖਿਆ ਦੇ ਮਾਪਦੰਡ ਹੋਰ ਵੀ ਉੱਚੇ ਕਰਨੇ ਹੋਣਗੇ ਤਦੇ ਅਸੀਂ ਇੱਕ ਪੂਰੀ ਤਰ੍ਹਾਂ ਸਿੱਖਿਅਤ ਅਤੇ ਸਮਾਜ ਬਣ ਸਕਾਗੇ।

     ਅਸੀਂ ਸਾਰੇ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ ਵਿੱਚ ਹਿੱਸੇਦਾਰ ਹਾਂ। ਜਦ ਅਸੀਂ ਇਨ੍ਹਾਂ ਟੀਚਿਆਂ ਨੂੰ ਹਾਸਲ ਕਰ ਲਵਾਂਗੇ, ਤਾਂ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਦੇਸ਼ ਵਿੱਚ ਹੁੰਦਾ ਵਿਆਪਕ ਬਦਲਾਵ ਦੇਖ ਸਕਾਂਗੇ। ਇਸ ਤਰ੍ਹਾਂ ਅਸੀਂ ਇਸ ਬਦਲਾਅ ਦੇ ਵਾਹਕ ਬਣਾਂਗੇ। ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਕੀਤੀ ਗਈ ਇਹ ਕੋਸ਼ਿਸ਼ ਹੀ ਸਾਡੇ ਸਾਰਿਆਂ ਦੀ ਸੱਚੀ ਸਾਧਨਾ ਹੋਵੇਗੀ।

     ਢਾਈ ਹਜ਼ਾਰ ਵਰ੍ਹਿਆਂ ਪਹਿਲਾਂ, ਗੌਤਮ ਬੁੱਧ ਨੇ ਕਿਹਾ ਸੀ, ਅੱਪ ਦੀਪੋ ਭਵ..... ਭਾਵ ਆਪਣਾ ਦੀਪਕ ਆਪ ਬਣੋ...... ਜੇਕਰ ਅਸੀਂ ਉਨਾਂ ਦੀ ਸਿੱਖਿਆ ਨੂੰ ਅਪਣਾਉਂਦੇ  ਹੋਏ ਅੱਗੇ ਵਧੀਏ ਤਾਂ ਅਸੀਂ ਸਭ ਮਿਲਕੇ ਅਜ਼ਾਦੀ ਦੀ ਲੜਾਈ ਦੇ ਦੌਰਾਨ ਉਮੜੇ ਜੋਸ਼ ਅਤੇ ਉਮੰਗ ਦੀ ਭਾਵਨਾ  ਨਾਲ ਸਵਾ ਸੌ ਕਰੋੜ ਦੀਪਕ ਬਣ ਸਕਦੇ ਹਾਂ: ਅਜਿਹੇ ਦੀਪਕ ਜਦੋਂ ਇਕੱਠੇ ਜਲਣਗੇ ਤਾਂ ਸੂਰਜ ਦੇ ਪ੍ਰਕਾਸ਼ ਦੇ ਸਮਾਨ ਉਹ ਉਜਾਲਾ ਸੁਸੰਸਕ੍ਰਿਤ ਅਤੇ ਵਿਕਸਿਤ ਭਾਰਤ ਦੇ ਮਾਰਗ ਨੂੰ ਪ੍ਰਕਾਸ਼ਿਤ  ਕਰੇਗਾ।

     ਮੈਂ ਇੱਕ ਵਾਰ ਫੇਰ: ਤੁਹਾਨੂੰ ਸਾਰਿਆਂ ਨੂੰ ਦੇਸ਼ ਦੀ ਸੁਤੰਤਰਤਾ ਦੀ 71ਵੀਂ ਵਰ੍ਹੇਗੰਢ ਦੀ ਪੂਰਵ ਸੰਧਿਆ ‘ਤੇ ਹਾਰਦਿਕ  ਸ਼ੁਭਕਾਮਨਾਵਾਂ ਦਿੰਦਾ ਹਾਂ।       

ਜੈ ਹਿੰਦ

ਵੰਦੇ ਮਾਤਰਮ

 

*****

AKT/SH/BM